ਬੰਗਾ 26 ਮਾਰਚ (ਮਨਜਿੰਦਰ ਸਿੰਘ)ਹਲਕਾ ਬੰਗਾ ਦੀ ਸਿਆਸਤ ਵਿੱਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਮਨਜੀਤ ਸਿੰਘ ਨਾਮਧਾਰੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਇਸ ਘਟਨਾ ਨਾਲ ਸਿਆਸੀ ਮਾਹੌਲ ਵਿੱਚ ਚਰਚਾਵਾਂ ਤੇਜ਼ ਹੋ ਗਈਆਂ ਹਨ।
ਅਸਤੀਫ਼ੇ ਤੋਂ ਬਾਅਦ ਮਨਜੀਤ ਸਿੰਘ ਨਾਮਧਾਰੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ, “ਮੇਰੇ ਇਸ ਫ਼ੈਸਲੇ ਦੇ ਪਿੱਛੇ ਮੁੱਖ ਕਾਰਨ ਹਲਕਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਦੀ ਕਾਰਗੁਜ਼ਾਰੀ ਹੈ। ਮੌਜੂਦਾ ਹਾਲਾਤਾਂ ਵਿੱਚ ਡਾ. ਸੁੱਖੀ ਹੀ ਉਹ ਕਾਰਨ ਬਣ ਰਹੇ ਹਨ ਜਿਸ ਨਾਲ ਅਕਾਲੀ ਦਲ ਹਲਕੇ ਵਿੱਚ ਮਜ਼ਬੂਤ ਹੋ ਰਿਹਾ ਹੈ।”ਇਸ ਮਾਮਲੇ ’ਤੇ ਜਦੋਂ ਹਲਕਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਲਜ਼ਾਮਾਂ ਨੂੰ ਸਖ਼ਤੀ ਨਾਲ ਰੱਦ ਕਰਦਿਆਂ ਕਿਹਾ ਕਿ, “ਜੋ ਲੋਕ ਪਾਰਟੀ ਲਈ ਇਮਾਨਦਾਰੀ ਨਾਲ ਕੰਮ ਨਹੀਂ ਕਰਦੇ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਦੀ ਬਜਾਏ ਨੁਕਸਾਨ ਪਹੁੰਚਾਉਂਦੇ ਹਨ, ਉਹ ਅਜਿਹੇ ਬੇਬੁਨਿਆਦ ਇਲਜ਼ਾਮ ਲਾ ਰਹੇ ਹਨ। ਅਸਲ ਗੱਲ ਇਹ ਹੈ ਕਿ ਕੁਝ ਲੋਕ ਆਪਣੀ ਜਿੰਮੇਵਾਰੀ ਤੋਂ ਪਿੱਛੇ ਹਟ ਕੇ ਦੂਜਿਆਂ ’ਤੇ ਉਂਗਲ ਉਠਾ ਰਹੇ ਹਨ।”
ਉਨ੍ਹਾਂ ਹੋਰ ਕਿਹਾ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਦੇ ਸ਼ਹੀਦਾਂ ਦੇ ਦਿਹਾੜੇ ਮੌਕੇ ਬੰਗਾ ਦੌਰੇ ਦੌਰਾਨ ਵੀ ਮੀਡੀਆ ਇੰਚਾਰਜਾਂ ਵੱਲੋਂ ਆਪਣੀ ਡਿਊਟੀ ਢੰਗ ਨਾਲ ਨਹੀਂ ਨਿਭਾਈ ਗਈ ਅਤੇ ਲੋਕਾਂ ਤੱਕ ਸਰਕਾਰ ਦੀਆਂ ਉਪਲਬਧੀਆਂ ਪਹੁੰਚਾਉਣ ਵਿੱਚ ਕਮੀ ਰਹੀ।
ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਦੋਸ਼ਾਂ ’ਤੇ ਜਵਾਬ ਦਿੰਦਿਆਂ ਡਾ. ਸੁੱਖੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਚਾਹੇ ਮੁਫ਼ਤ ਸਿਹਤ ਬੀਮਾ ਹੋਵੇ ਜਾਂ ਹੋਰ ਭਲਾਈ ਯੋਜਨਾਵਾਂ ਸਭ ਨੂੰ ਬਿਨਾਂ ਕਿਸੇ ਪਾਰਟੀ ਭੇਦਭਾਵ ਦੇ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇ ਸਰਕਾਰੀ ਯੋਜਨਾਵਾਂ ਹਰ ਵਰਗ ਤੱਕ ਪਹੁੰਚ ਰਹੀਆਂ ਹਨ ਅਤੇ ਲੋਕ ਇਸ ਦਾ ਲਾਭ ਲੈ ਰਹੇ ਹਨ, ਤਾਂ ਇਸ ਨਾਲ ਪਾਰਟੀ ਕਮਜ਼ੋਰ ਨਹੀਂ ਹੁੰਦੀ, ਸਗੋਂ ਲੋਕਾਂ ਦਾ ਭਰੋਸਾ ਵੱਧਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਜਲਦੀ ਹੀ ਅਕਾਲੀ ਦਲ ਨਾਲ ਜੁੜੇ ਕਈ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਗੇ। ਡਾ. ਸੁੱਖੀ ਨੇ ਵਿਸ਼ਵਾਸ ਜਤਾਇਆ ਕਿ ਆਉਣ ਵਾਲੇ ਸਮੇਂ ਵਿੱਚ ਪਾਰਟੀ ਹੋਰ ਮਜ਼ਬੂਤੀ ਨਾਲ ਅੱਗੇ ਵਧੇਗੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਦੁਬਾਰਾ ਬਣੇਗੀ।
ਇਸ ਪੂਰੇ ਮਾਮਲੇ ਨੇ ਹਲਕਾ ਬੰਗਾ ਵਿੱਚ ਆਮ ਆਦਮੀ ਪਾਰਟੀ ਦੀ ਅੰਦਰੂਨੀ ਸਥਿਤੀ ਨੂੰ ਲੈ ਕੇ ਕਈ ਸਵਾਲ ਖੜੇ ਕਰ ਦਿੱਤੇ ਹਨ, ਜਦਕਿ ਵਰਕਰਾਂ ਵਿੱਚ ਵੀ ਇਸ ਮਸਲੇ ’ਤੇ ਚਰਚਾਵਾਂ ਜ਼ੋਰਾਂ ’ਤੇ ਹਨ।
No comments:
Post a Comment