(ਜਾਣਕਾਰੀ ਦਿੰਦਾ ਦੁਕਾਨ ਦਾ ਮਾਲਕ ਵਿਨੈ ਕੁਮਾਰ।)
ਬੰਗਾ 24 ਮਾਰਚ (ਮਨਜਿੰਦਰ ਸਿੰਘ)
ਨਵਾਂਸ਼ਹਿਰ ਰੋਡ ਬੰਗਾ ਵਿਖੇ ਦਿਨ ਦਿਹਾੜੇ ਇੱਕ ਮੋਬਾਈਲਾਂ ਦੀ ਦੁਕਾਨ 'ਤੇ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ, ਗੁਰੂ ਨਾਨਕ ਨਗਰ ਬੰਗਾ ਦੇ ਵਾਸੀ ਵਿਨੈ ਕੁਮਾਰ (ਪੁੱਤਰ ਬਲਰਾਜ ਕੁਮਾਰ), ਜੋ ਨਵਾਂਸ਼ਹਿਰ ਰੋਡ 'ਤੇ “ਐਪਲ ਪੁਆਇੰਟ” ਨਾਮਕ ਮੋਬਾਈਲ ਦੁਕਾਨ ਚਲਾ ਰਹੇ ਹਨ, ਦੁਪਹਿਰ ਕਰੀਬ ਸਾਡੇ ਤਿੰਨ ਵਜੇ ਆਪਣੇ ਘਰ ਰੋਟੀ ਖਾਣ ਲਈ ਗਏ ਹੋਏ ਸਨ। ਜਦੋਂ ਉਹ ਵਾਪਸ ਦੁਕਾਨ 'ਤੇ ਪਹੁੰਚੇ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਦੁਕਾਨ ਦੇ ਐਲੂਮਿਨੀਅਮ ਦਰਵਾਜ਼ੇ ਨੂੰ ਲੱਗੇ ਦੋ ਤਾਲੇ ਟੁੱਟੇ ਹੋਏ ਸਨ।
ਇਸ ਤੋਂ ਇਲਾਵਾ, ਦੁਕਾਨ ਅੰਦਰ ਮੌਜੂਦ ਦੋ ਗੱਲਿਆਂ ਦੇ ਤਾਲੇ ਵੀ ਤੋੜੇ ਹੋਏ ਮਿਲੇ। ਗੱਲਿਆਂ ਵਿੱਚ ਪਈ ਲਗਭਗ 35,000 ਰੁਪਏ ਦੀ ਨਕਦੀ ਚੋਰੀ ਹੋ ਚੁੱਕੀ ਸੀ।
ਦੁਕਾਨ ਮਾਲਕ ਵਿਨੈ ਕੁਮਾਰ ਨੇ ਦੱਸਿਆ ਕਿ ਇਲਾਕੇ ਵਿੱਚ ਵਧ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ ਅਤੇ ਪੁਲਿਸ ਪ੍ਰਸ਼ਾਸਨ ਨੂੰ ਇਸ 'ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਬੰਗਾ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਇਸ ਸਬੰਧੀ ਨਵ-ਨਿਯੁਕਤ ਐਸ.ਐਚ.ਓ. ਜਸਵਿੰਦਰ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਦੁਨੀ ਚੰਦ ਨੂੰ ਮਾਮਲੇ ਦੀ ਜਾਂਚ ਸੌਂਪੀ ਗਈ ਹੈ ਅਤੇ ਪੁਲਿਸ ਵੱਲੋਂ ਨਜ਼ਦੀਕੀ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਐਸ ਐਚ ਓ ਜਸਵਿੰਦਰ ਸਿੰਘ ਨੇ ਸਮਾਜ ਨੂੰ ਇੱਕ ਸੁਨੇਹਾ ਦਿੰਦਿਆਂ ਇਸ ਮੌਕੇ ਕਿਹਾ ਕਿ
ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਵੀ ਸਾਵਧਾਨ ਰਹਿਣ ਦੀ ਲੋੜ ਹੈ। ਆਪਣੀਆਂ ਦੁਕਾਨਾਂ ਅਤੇ ਘਰਾਂ ਵਿੱਚ ਉੱਚ-ਗੁਣਵੱਤਾ ਵਾਲੇ ਤਾਲੇ, ਸੀਸੀਟੀਵੀ ਕੈਮਰੇ ਅਤੇ ਸੁਰੱਖਿਆ ਪ੍ਰਬੰਧ ਲਾਜ਼ਮੀ ਬਣਾਏ ਜਾਣ। ਸਾਂਝੀ ਜਾਗਰੂਕਤਾ ਅਤੇ ਪੁਲਿਸ ਨਾਲ ਸਹਿਯੋਗ ਨਾਲ ਹੀ ਅਪਰਾਧਾਂ 'ਤੇ ਕਾਬੂ ਪਾਇਆ ਜਾ ਸਕਦਾ ਹੈ।
No comments:
Post a Comment