Wednesday, May 13, 2026

ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ

ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ):
ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿੱਚ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਨਵਾਂਸ਼ਹਿਰ ਦੇ ਸੀਨੀਅਰ ਅਤੇ ਟਕਸਾਲੀ ਕਾਂਗਰਸੀ ਆਗੂ ਚੇਤ ਰਾਮ ਰਤਨ ਆਪਣੇ ਸੈਂਕੜਿਆਂ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਇਹ ਸ਼ਮੂਲੀਅਤ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ, ਕਾਰਜਕਾਰੀ ਸੂਬਾ ਪ੍ਰਧਾਨ ਸੁਨੀਲ ਜਾਖੜ, ਕੇਂਦਰੀ ਮਹਾਮੰਤਰੀ ਤਰੁਣ ਚੁੱਘ ਅਤੇ ਪੰਜਾਬ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੀ ਅਗਵਾਈ ਹੇਠ ਹੋਈ।
ਚੇਤ ਰਾਮ ਰਤਨ ਪਿਛਲੇ ਕਰੀਬ 37 ਸਾਲਾਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸਨ ਅਤੇ ਗਰਾਊਂਡ ਲੈਵਲ ‘ਤੇ ਮਜ਼ਬੂਤ ਪਕੜ ਵਾਲੇ ਆਗੂ ਵਜੋਂ ਜਾਣੇ ਜਾਂਦੇ ਰਹੇ ਹਨ। ਉਹ ਚਾਰ ਵਾਰ ਨਗਰ ਕੌਂਸਲਰ ਚੁਣੇ ਗਏ, ਦੋ ਵਾਰ ਨਗਰ ਕੌਂਸਲ ਦੇ ਐਕਟਿੰਗ ਪ੍ਰਧਾਨ ਰਹੇ ਅਤੇ ਕਾਂਗਰਸ ਸਰਕਾਰ ਦੌਰਾਨ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਵੀ ਰਹੇ। ਇਸ ਤੋਂ ਇਲਾਵਾ ਉਹ ਐਸਸੀ ਡਿਪਾਰਟਮੈਂਟ ਦੇ ਪੰਜਾਬ ਕੋਆਰਡੀਨੇਟਰ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ।
ਭਾਜਪਾ ਵਿੱਚ ਸ਼ਾਮਲ ਹੋਣ ਮੌਕੇ ਚੇਤ ਰਾਮ ਰਤਨ ਨੇ ਕਿਹਾ ਕਿ ਕਾਂਗਰਸ ਵਿੱਚ ਮਿਹਨਤੀ ਅਤੇ ਜ਼ਮੀਨੀ ਪੱਧਰ ‘ਤੇ ਕੰਮ ਕਰਨ ਵਾਲੇ ਵਰਕਰਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਾਰਟੀ ਵਿੱਚ ਸਿਰਫ਼ ਚਾਪਲੂਸੀ ਕਰਨ ਵਾਲਿਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਜਿਸ ਕਾਰਨ ਸਮਰਪਿਤ ਵਰਕਰ ਆਪਣੇ ਆਪ ਨੂੰ ਅਪਮਾਨਿਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾਂ ਗਰੀਬ ਅਤੇ ਪਿੱਛੜੇ ਵਰਗ ਦੇ ਹੱਕਾਂ ਲਈ ਆਵਾਜ਼ ਉਠਾਉਂਦੇ ਰਹੇ ਹਨ ਪਰ ਪਾਰਟੀ ਵੱਲੋਂ ਉਨ੍ਹਾਂ ਨੂੰ ਯੋਗ ਸਨਮਾਨ ਨਹੀਂ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਲੋਕ ਪੱਖੀ ਅਤੇ ਵਿਕਾਸਮੁਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਹ ਬਿਨਾਂ ਕਿਸੇ ਸ਼ਰਤ ਦੇ ਭਾਜਪਾ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦੀਆਂ ਨੀਤੀਆਂ ਪੰਜਾਬ ਨੂੰ ਤਰੱਕੀ ਦੇ ਰਾਹ ‘ਤੇ ਲੈ ਕੇ ਜਾਣਗੀਆਂ ਅਤੇ ਉਹ ਹੁਣ ਦੋਆਬਾ ਪੱਧਰ ‘ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿਨ-ਰਾਤ ਮਿਹਨਤ ਕਰਨਗੇ।
ਚੇਤ ਰਾਮ ਰਤਨ ਨੇ ਇਹ ਵੀ ਕਿਹਾ ਕਿ ਕੁਝ ਸਾਬਕਾ ਵਿਧਾਇਕਾਂ ਅਤੇ ਟਿਕਟ ਦੇ ਦਾਵੇਦਾਰਾਂ ਨੇ ਆਪਣੇ ਨਿੱਜੀ ਸਵਾਰਥਾਂ ਲਈ ਪਾਰਟੀ ਨੂੰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਆਗੂਆਂ ਨੇ ਪਹਿਲਾਂ ਕਾਂਗਰਸ ਛੱਡ ਕੇ ਆਜ਼ਾਦ ਚੋਣਾਂ ਲੜੀਆਂ, ਉਹ ਬਾਅਦ ਵਿੱਚ ਆਪਣੇ ਸਮਰਥਕਾਂ ਨੂੰ ਬਿਨਾਂ ਜਾਣਕਾਰੀ ਦਿੱਤੇ ਮੁੜ ਕਾਂਗਰਸ ਵਿੱਚ ਸ਼ਾਮਲ ਹੋ ਗਏ, ਜਿਸ ਨਾਲ ਵਰਕਰਾਂ ਦਾ ਮਨੋਬਲ ਟੁੱਟਿਆ।
ਇਸ ਮੌਕੇ ਭਾਜਪਾ ਆਗੂਆਂ ਨੇ ਚੇਤ ਰਾਮ ਰਤਨ ਦਾ ਪਾਰਟੀ ਵਿੱਚ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਆਉਣ ਨਾਲ ਖਾਸ ਤੌਰ ‘ਤੇ ਐਸਸੀ ਭਾਈਚਾਰੇ ਵਿੱਚ ਭਾਜਪਾ ਨੂੰ ਵੱਡੀ ਮਜ਼ਬੂਤੀ ਮਿਲੇਗੀ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਪੰਜਾਬ ਵਿੱਚ ਆਉਣ ਵਾਲੇ ਸਮੇਂ ਦੌਰਾਨ ਭਾਜਪਾ ਇੱਕ ਮਜ਼ਬੂਤ ਵਿਕਲਪ ਵਜੋਂ ਉਭਰੇਗੀ।
ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸਾਬਕਾ ਪੰਜਾਬ ਸਕੱਤਰ ਡਾ. ਤਜਿੰਦਰ ਸਿੰਘ ਨਵਾਂਸ਼ਹਿਰ ਨੇ ਵੀ ਆਪਣੇ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਸਮਾਗਮ ਵਿੱਚ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ, ਐਡਵੋਕੇਟ ਵਿਸ਼ਾਲ ਸ਼ਰਮਾ, ਤਜਿੰਦਰ ਸਿੰਘ ਅਟਵਾਲ, ਕਰਨ ਦੀਵਾਨ, ਡਾ. ਅਸ਼ਵਨੀ ਕੁਮਾਰ ਧੀਰ, ਜੱਸੀ ਮਹਾਲੋ, ਕੁਲਵਿੰਦਰ ਸਿੰਘ ਅਤੇ ਪਰਮਜੀਤ ਸਿੰਘ ਸਮੇਤ ਕਈ ਪ੍ਰਮੁੱਖ ਆਗੂ ਅਤੇ ਵਰਕਰ ਹਾਜ਼ਰ ਸਨ।

Monday, April 27, 2026

ਰੋਪੜ ਵਿੱਚ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਸੂਬਾ ਕਾਰਜਕਾਰਨੀ ਮੀਟਿੰਗ***ਇਸ਼ਤਿਹਾਰ ਨੀਤੀ ਦੇ ਦੁਰਵਰਤੋਂ ਖਿਲਾਫ ਆਵਾਜ਼ ਬੁਲੰਦ ਕਰਨ ਦਾ ਐਲਾਨ****ਪ੍ਰੈੱਸ ਅਜ਼ਾਦੀ ਦਿਵਸ ‘ਤੇ ਪੱਤਰਕਾਰਾਂ ‘ਤੇ ਹਮਲਿਆਂ ਅਤੇ ਚੈਨਲਾਂ ‘ਤੇ ਪਾਬੰਦੀਆਂ ਦੇ ਵਿਰੋਧ ਦਾ ਸੱਦਾ

ਰੋਪੜ /ਨਵਾਂ ਸ਼ਹਿਰ/ ਬੰਗਾ, 27 ਅਪਰੈਲ (ਮਨਜਿੰਦਰ ਸਿੰਘ)ਪੰਜਾਬ ਸਮੇਤ ਦੇਸ਼ ਭਰ ਵਿੱਚ ਪੱਤਰਕਾਰਾਂ ‘ਤੇ ਵੱਧ ਰਹੇ ਹਮਲਿਆਂ ਅਤੇ ਚੈਨਲਾਂ ‘ਤੇ ਲੱਗ ਰਹੀਆਂ ਪਾਬੰਦੀਆਂ ਨੂੰ ਲੈ ਕੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਨੇ 3 ਮਈ ਨੂੰ ਕੌਮਾਂਤਰੀ ਪ੍ਰੈੱਸ ਅਜ਼ਾਦੀ ਦਿਵਸ ਮੌਕੇ ਰਾਜ-ਪੱਧਰੀ ਆਵਾਜ਼ ਬੁਲੰਦ ਕਰਨ ਦਾ ਐਲਾਨ ਕੀਤਾ ਹੈ।
ਰੋਪੜ ਵਿੱਚ ਹੋਈ ਜਥੇਬੰਦੀ ਦੀ ਸੂਬਾ ਕਾਰਜਕਾਰਨੀ ਮੀਟਿੰਗ ਸੂਬਾਈ ਪ੍ਰਧਾਨ ਜੈ ਸਿੰਘ ਛਿੱਬਰ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਸੂਬਾਈ ਚੇਅਰਮੈਨ ਬਲਬੀਰ ਜੰਡੂ ਅਤੇ ਸਕੱਤਰ ਜਨਰਲ ਸੰਤੋਖ ਗਿੱਲ ਨੇ ਵੀ ਸੰਬੋਧਨ ਕੀਤਾ। ਮੀਟਿੰਗ ਦੌਰਾਨ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਜਨਤਕ ਫੰਡਾਂ ਦੇ ਸਹਾਰੇ ਸਰਕਾਰੀ ਇਸ਼ਤਿਹਾਰ ਨੀਤੀ ਨੂੰ ਆਰਥਿਕ ਹਥਿਆਰ ਵਜੋਂ ਵਰਤਣ ‘ਤੇ ਗੰਭੀਰ ਚਿੰਤਾ ਜਤਾਈ ਗਈ।
ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਬਲਵਿੰਦਰ ਜੰਮੂ ਨੇ ਦੱਸਿਆ ਕਿ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਵਿੱਚ ਹੋਈ 11ਵੀਂ ਕੌਮੀ ਕਾਨਫਰੰਸ ਵਿੱਚ ਵੀ ਇਸ ਰੁਝਾਨ ਨੂੰ ਰੋਕਣ ਦੀ ਜ਼ੋਰਦਾਰ ਮੰਗ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਮੀਡੀਆ ਦੀ ਆਜ਼ਾਦੀ ‘ਤੇ ਕਿਸੇ ਵੀ ਤਰ੍ਹਾਂ ਦੀ ਰੋਕਤਾਮ ਲੋਕਤੰਤਰ ਲਈ ਖਤਰਨਾਕ ਹੈ।
ਮੀਟਿੰਗ ਵਿੱਚ ਪੱਤਰਕਾਰਾਂ ਅਤੇ ਡੈਸਕ ਸਟਾਫ ਲਈ ਪੈਨਸ਼ਨ ਯੋਜਨਾ, ਮੁਫ਼ਤ ਬੱਸ ਪਾਸ, ਵਿਸ਼ੇਸ਼ ਸਹਾਇਤਾ ਫੰਡ ਦੀ ਸਥਾਪਨਾ, ਚੰਡੀਗੜ੍ਹ ਵਿੱਚ ਪੱਤਰਕਾਰਾਂ ਲਈ ਰਹਾਇਸ਼ੀ ਮਕਾਨਾਂ ਦੀ ਗਿਣਤੀ 15 ਤੋਂ ਵਧਾ ਕੇ 50 ਕਰਨ ਅਤੇ ਜ਼ਿਲ੍ਹਾ ਪੱਧਰ ‘ਤੇ ਰਹਾਇਸ਼ ਸਮੇਤ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ। ਜਥੇਬੰਦੀ ਨੇ ਇਨ੍ਹਾਂ ਮੰਗਾਂ ‘ਤੇ ਹੋ ਰਹੀ ਟਾਲਮਟੋਲ ਦੇ ਵਿਰੋਧ ਵਿੱਚ ਭਗਵੰਤ ਮਾਨ ਸਰਕਾਰ ਖਿਲਾਫ ਸੰਘਰਸ਼ ਵਿੱਢਣ ਦਾ ਸੰਕੇਤ ਵੀ ਦਿੱਤਾ।
ਮੀਟਿੰਗ ਦੌਰਾਨ ਪ੍ਰਸਿੱਧ ਫੋਟੋ ਜਰਨਲਿਸਟ ਰਘੂ ਰਾਏ ਅਤੇ ਰਾਮਪੁਰਾ ਫੂਲ ਦੇ ਪੱਤਰਕਾਰ ਜਤਿੰਦਰ ਸੰਧੂ ਸਮੇਤ ਹੋਰ ਮਰਹੂਮ ਪੱਤਰਕਾਰਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਇਸ ਮੌਕੇ ਸੀਨੀਅਰ ਪੱਤਰਕਾਰ ਜਗਤਾਰ ਭੁੱਲਰ ਅਤੇ ਪ੍ਰੀਤਮ ਸਿੰਘ ਰੁਪਾਲ ਨੂੰ ਡਿਜੀਟਲ ਮੀਡੀਆ ਸਬ-ਕਮੇਟੀ ਵਿੱਚ ਸ਼ਾਮਲ ਕਰਦਿਆਂ ਜਲਦ ਰਿਪੋਰਟ ਪੇਸ਼ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ। ਯੂਨੀਅਨ ਵੱਲੋਂ ਮਾਲਵਾ, ਮਾਝਾ ਅਤੇ ਦੁਆਬਾ ਖੇਤਰਾਂ ਵਿੱਚ ਜਲਦੀ ਸੈਮੀਨਾਰ ਕਰਵਾਉਣ ਦਾ ਵੀ ਫੈਸਲਾ ਕੀਤਾ ਗਿਆ।
ਮੀਟਿੰਗ ਵਿੱਚ ਭੂਸ਼ਨ ਸੂਦ, ਦਵਿੰਦਰ ਭੰਗੂ, ਐਨ.ਪੀ. ਧਵਨ, ਜਸਵੰਤ ਥਿੰਦ, ਜਗਸੀਰ ਸੰਧੂ, ਅਮਰਪਾਲ ਬੈਂਸ, ਪ੍ਰਭਾਤ ਭੱਟੀ, ਭੁਪਿੰਦਰ ਮਲਿਕ, ਮਨਪ੍ਰੀਤ ਮੱਲੇਆਣਾ, ਗਗਨਦੀਪ ਅਰੋੜਾ, ਵੀਰਪਾਲ ਭਗਤਾ, ਗੁਰਤੇਜ ਸਿੱਧੂ, ਬਲਵਿੰਦਰ ਭੰਗੂ, ਹਰਜੀਤ ਸਿੰਘ ਕਪੂਰਥਲਾ, ਨਵਕਾਂਤ ਭਰੋਮਜਾਰਾ ਨਵਾਂ ਸ਼ਹਿਰ ਸਮੇਤ ਕਈ ਪੱਤਰਕਾਰ ਆਗੂਆਂ ਨੇ ਭਾਗ ਲਿਆ। ਅੰਤ ਵਿੱਚ ਰੋਪੜ ਜ਼ਿਲ੍ਹਾ ਯੂਨਿਟ ਵੱਲੋਂ ਕੌਮੀ ਪ੍ਰਧਾਨ ਬਲਵਿੰਦਰ ਜੰਮੂ ਅਤੇ ਸੂਬਾਈ ਆਗੂਆਂ ਦਾ ਸਨਮਾਨ ਕੀਤਾ ਗਿਆ।

Thursday, April 23, 2026

ਲਾਇਨ ਕਲੱਬ ਬੰਗਾ ਨਿਸ਼ਚੇ ਦੀ ਵਿਸ਼ੇਸ਼ ਮੀਟਿੰਗ ‘ਚ ਨਵੀਂ ਟੀਮ ਦਾ ਗਠਨ**ਲਾਇਨ ਜਸਪਾਲ ਸਿੰਘ ਗਿੱਦਾ ਪ੍ਰਧਾਨ ,ਮਨਜਿੰਦਰ ਸਿੰਘ ਸੈਕਟਰੀ, ਗੁਲਸ਼ਨ ਕੁਮਾਰ ਖਜਾਨਚੀ ਅਤੇ ਤਜਿੰਦਰ ਕੁਮਾਰ ਗਿੰਨੀ ਪੀਆਰਓ ਬਣਾਏ ਗਏ ***ਸਮਾਜ ਸੇਵਾ ਨੂੰ ਮਿਲੀ ਨਵੀਂ ਦਿਸ਼ਾ,

ਬੰਗਾ, (ਸੱਚ ਕੀ ਬੇਲਾ ਮੀਡੀਆ ):
ਲਾਇਨ ਕਲੱਬ ਬੰਗਾ ਨਿਸ਼ਚੇ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਸਥਾਨਕ ਰੈਸਟੋਰੈਂਟ ਵਿੱਚ ਆਯੋਜਿਤ ਕੀਤੀ ਗਈ, ਜਿਸ ਵਿੱਚ ਪੰਜਾਬ ਚੰਡੀਗੜ੍ਹ ਜਨਰਲ ਯੂਨੀਅਨ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜਨਰਲ ਸਕੱਤਰ ਨਵਕਾਂਤ ਭਰੋਮਜਾਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।
ਕਲੱਬ ਦੇ ਪ੍ਰਧਾਨ ਜਸਪਾਲ ਸਿੰਘ ਗਿੱਧਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵਾਈਸ ਪ੍ਰਧਾਨ ਮਨਜਿੰਦਰ ਸਿੰਘ ਵੱਲੋਂ ਕਲੱਬ ਦੀ ਕਾਰਗੁਜ਼ਾਰੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਲਾਇਨ ਕਲੱਬ ਬੰਗਾ ਨਿਸ਼ਚੇ ਦਾ ਸਾਲ 2025-26 ਜੋ ਕਿ 30 ਜੂਨ ਨੂੰ ਸਮਾਪਤ ਹੋ ਰਿਹਾ ਹੈ, ਕਲੱਬ ਲਈ ਬਹੁਤ ਹੀ ਸ਼ਾਨਦਾਰ ਅਤੇ ਯਾਦਗਾਰ ਸਾਬਤ ਹੋਇਆ। ਇਸ ਦੌਰਾਨ ਕਲੱਬ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਕਈ ਮਹੱਤਵਪੂਰਨ ਅਤੇ ਸਰਾਹਣਯੋਗ ਪ੍ਰੋਜੈਕਟ ਕੀਤੇ ਗਏ, ਜਿਨ੍ਹਾਂ ਨਾਲ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਲਾਭ ਮਿਲਿਆ।
ਮੀਟਿੰਗ ਦੌਰਾਨ ਚਾਰਟਰ ਪ੍ਰਧਾਨ ਬਲਬੀਰ ਸਿੰਘ ਰਾਏ ਦੇ ਮਾਰਗਦਰਸ਼ਨ ਅਤੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦੀ ਸਲਾਹ ਨਾਲ ਸਾਲ 2026-27 ਲਈ ਨਵੀਂ ਟੀਮ ਦਾ ਗਠਨ ਸਰਬਸੰਮਤੀ ਨਾਲ ਕੀਤਾ ਗਿਆ। ਨਵੀਂ ਟੀਮ ਅਨੁਸਾਰ ਜਸਪਾਲ ਸਿੰਘ ਗਿੱਧਾ ਨੂੰ ਮੁੜ ਪ੍ਰਧਾਨ, ਬਲਦੇਵ ਲਾਲ ਬਾਹਮਣੀਆਂ ਨੂੰ ਵਾਈਸ ਪ੍ਰਧਾਨ, ਮਨਜਿੰਦਰ ਸਿੰਘ ਨੂੰ ਸੈਕਟਰੀ, ਗੁਲਸ਼ਨ ਕੁਮਾਰ ਨੂੰ ਕੈਸ਼ੀਅਰ, ਤਜਿੰਦਰ ਕੁਮਾਰ ਗਿੰਨੀ (ਗਿੰਨੀ ਸਟੂਡੀਓ ਵਾਲ਼ੇ)ਨੂੰ ਪੀ.ਆਰ.ਓ., ਧਰਮਵੀਰ ਪਾਲ ਨੂੰ ਪ੍ਰੋਜੈਕਟ ਚੇਅਰਮੈਨ ਅਤੇ ਗੁਰਦਿਆਲ ਸਿੰਘ ਅਤੇ ਰਾਮ ਸਰੂਪ ਨੂੰ ਕਲੱਬ ਦੇ ਡਾਇਰੈਕਟਰ ਨਿਯੁਕਤ ਕੀਤਾ ਗਿਆ।
ਇਸ ਮੌਕੇ ਦੇਵਰਾਜ ਸੁਮਨ, ਕੁਲਦੀਪ ਸਿੰਘ ਅਤੇ ਸਤਪਾਲ ਜੀ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ ਅਤੇ ਨਵੀਂ ਟੀਮ ਨੂੰ ਵਧਾਈ ਦਿੱਤੀ। ਸਾਰੇ ਮੈਂਬਰਾਂ ਨੇ ਇਕਜੁੱਟ ਹੋ ਕੇ ਕਲੱਬ ਦੀਆਂ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਅਤੇ ਸਮਾਜ ਸੇਵਾ ਦੇ ਕੰਮਾਂ ਨੂੰ ਹੋਰ ਵਧਾਉਣ ਦਾ ਸੰਕਲਪ ਲਿਆ।
ਅੰਤ ਵਿੱਚ ਲਾਇਨ ਕਲੱਬ ਬੰਗਾ ਨਿਸ਼ਚੇ ਵੱਲੋਂ ਇਹ ਭਰੋਸਾ ਦਿੱਤਾ ਗਿਆ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੀ ਸਮਾਜ ਭਲਾਈ ਲਈ ਆਪਣਾ ਯੋਗਦਾਨ ਜਾਰੀ ਰੱਖਣਗੇ ਅਤੇ ਨਵੇਂ ਪ੍ਰੋਜੈਕਟਾਂ ਰਾਹੀਂ ਲੋਕਾਂ ਦੀ ਸੇਵਾ ਕਰਦੇ ਰਹਿਣਗੇ।

ਪੰਜਾਬ ਵਿੱਚ ਤਾਪਮਾਨ 42.9°C ਤੱਕ ਪਹੁੰਚਿਆ*** 26 ਅਪ੍ਰੈਲ ਤੋਂ ਮੀਂਹ ਤੇ ਤੇਜ਼ ਹਵਾਵਾਂ ਦਾ ਯੈਲੋ ਅਲਰਟ

ਸੱਚ ਕੀ ਬੇਲਾ ਮੀਡੀਆ/ਚੰਡੀਗੜ੍ਹ 23 ਅਪ੍ਰੈਲ (ਮਨਜਿੰਦਰ ਸਿੰਘ)
ਪੰਜਾਬ ਅਤੇ ਚੰਡੀਗੜ੍ਹ ਵਿੱਚ ਭਿਆਨਕ ਗਰਮੀ ਦਾ ਦੌਰ ਜਾਰੀ ਹੈ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਬੇ ਵਿੱਚ ਦਿਨ ਦਾ ਤਾਪਮਾਨ ਪਹਿਲੀ ਵਾਰ 42.9 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ। ਹਾਲਾਂਕਿ 23 ਅਪ੍ਰੈਲ ਨੂੰ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਅਤੇ ਕਿਸੇ ਵੀ ਕਿਸਮ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ।
ਮੌਸਮ ਵਿਭਾਗ ਅਨੁਸਾਰ 26 ਅਪ੍ਰੈਲ ਤੋਂ ਇੱਕ ਨਵਾਂ ਪੱਛਮੀ ਵਿਘਨ ਸਰਗਰਮ ਹੋਵੇਗਾ, ਜਿਸ ਨਾਲ ਮੌਸਮ ਵਿੱਚ ਤਬਦੀਲੀ ਆਵੇਗੀ। ਇਸ ਦੌਰਾਨ ਸੂਬੇ ਵਿੱਚ ਤਿੰਨ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਅਨੁਮਾਨ ਲਗਾਇਆ ਹੈ ਕਿ ਇਸ ਸਮੇਂ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਕਈ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ ਹੈ।
ਤਾਪਮਾਨ ਦੀ ਗੱਲ ਕਰੀਏ ਤਾਂ ਫਰੀਦਕੋਟ ਸੂਬੇ ਦਾ ਸਭ ਤੋਂ ਗਰਮ ਸ਼ਹਿਰ ਰਿਹਾ, ਜਿੱਥੇ 42.9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ 39.0 ਡਿਗਰੀ, ਲੁਧਿਆਣਾ ਵਿੱਚ 40.0 ਡਿਗਰੀ, ਪਟਿਆਲਾ ਵਿੱਚ 40.4 ਡਿਗਰੀ, ਪਠਾਨਕੋਟ ਵਿੱਚ 38.2 ਡਿਗਰੀ, ਬਠਿੰਡਾ ਵਿੱਚ 41.0 ਡਿਗਰੀ, ਫਾਜ਼ਿਲਕਾ ਵਿੱਚ 39.5 ਡਿਗਰੀ, ਹੋਸ਼ਿਆਰਪੁਰ ਵਿੱਚ 37.8 ਡਿਗਰੀ ਅਤੇ ਰੂਪਨਗਰ ਵਿੱਚ 40.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਮੌਸਮ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਗਰਮੀ ਤੋਂ ਬਚਾਅ ਲਈ ਜ਼ਰੂਰੀ ਸਾਵਧਾਨੀਆਂ ਵਰਤਣ ਅਤੇ ਆਉਣ ਵਾਲੇ ਦਿਨਾਂ ਵਿੱਚ ਮੌਸਮ ਦੇ ਬਦਲਾਅ ਨੂੰ ਧਿਆਨ ਵਿੱਚ ਰੱਖਣ।

Thursday, March 26, 2026

ਆਪ ਮੀਡੀਆ ਇੰਚਾਰਜ ਮਨਜੀਤ ਸਿੰਘ ਨਾਮਧਾਰੀ ਦਾ ਅਸਤੀਫ਼ਾ, ਇਲਜ਼ਾਮਾਂ ’ਤੇ ਐਮਐਲਏ ਡਾ. ਸੁੱਖੀ ਵੱਲੋਂ ਤਿੱਖਾ ਜਵਾਬ:

ਬੰਗਾ 26 ਮਾਰਚ (ਮਨਜਿੰਦਰ ਸਿੰਘ)ਹਲਕਾ ਬੰਗਾ ਦੀ ਸਿਆਸਤ ਵਿੱਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਮਨਜੀਤ ਸਿੰਘ ਨਾਮਧਾਰੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਇਸ ਘਟਨਾ ਨਾਲ ਸਿਆਸੀ ਮਾਹੌਲ ਵਿੱਚ ਚਰਚਾਵਾਂ ਤੇਜ਼ ਹੋ ਗਈਆਂ ਹਨ।
ਅਸਤੀਫ਼ੇ ਤੋਂ ਬਾਅਦ ਮਨਜੀਤ ਸਿੰਘ ਨਾਮਧਾਰੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ, “ਮੇਰੇ ਇਸ ਫ਼ੈਸਲੇ ਦੇ ਪਿੱਛੇ ਮੁੱਖ ਕਾਰਨ ਹਲਕਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਦੀ ਕਾਰਗੁਜ਼ਾਰੀ ਹੈ। ਮੌਜੂਦਾ ਹਾਲਾਤਾਂ ਵਿੱਚ ਡਾ. ਸੁੱਖੀ ਹੀ ਉਹ ਕਾਰਨ ਬਣ ਰਹੇ ਹਨ ਜਿਸ ਨਾਲ ਅਕਾਲੀ ਦਲ ਹਲਕੇ ਵਿੱਚ ਮਜ਼ਬੂਤ ਹੋ ਰਿਹਾ ਹੈ।”ਇਸ ਮਾਮਲੇ ’ਤੇ ਜਦੋਂ ਹਲਕਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਲਜ਼ਾਮਾਂ ਨੂੰ ਸਖ਼ਤੀ ਨਾਲ ਰੱਦ ਕਰਦਿਆਂ ਕਿਹਾ ਕਿ, “ਜੋ ਲੋਕ ਪਾਰਟੀ ਲਈ ਇਮਾਨਦਾਰੀ ਨਾਲ ਕੰਮ ਨਹੀਂ ਕਰਦੇ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਦੀ ਬਜਾਏ ਨੁਕਸਾਨ ਪਹੁੰਚਾਉਂਦੇ ਹਨ, ਉਹ ਅਜਿਹੇ ਬੇਬੁਨਿਆਦ ਇਲਜ਼ਾਮ ਲਾ ਰਹੇ ਹਨ। ਅਸਲ ਗੱਲ ਇਹ ਹੈ ਕਿ ਕੁਝ ਲੋਕ ਆਪਣੀ ਜਿੰਮੇਵਾਰੀ ਤੋਂ ਪਿੱਛੇ ਹਟ ਕੇ ਦੂਜਿਆਂ ’ਤੇ ਉਂਗਲ ਉਠਾ ਰਹੇ ਹਨ।”
ਉਨ੍ਹਾਂ ਹੋਰ ਕਿਹਾ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਦੇ ਸ਼ਹੀਦਾਂ ਦੇ ਦਿਹਾੜੇ ਮੌਕੇ ਬੰਗਾ ਦੌਰੇ ਦੌਰਾਨ ਵੀ ਮੀਡੀਆ ਇੰਚਾਰਜਾਂ ਵੱਲੋਂ ਆਪਣੀ ਡਿਊਟੀ ਢੰਗ ਨਾਲ ਨਹੀਂ ਨਿਭਾਈ ਗਈ ਅਤੇ ਲੋਕਾਂ ਤੱਕ ਸਰਕਾਰ ਦੀਆਂ ਉਪਲਬਧੀਆਂ ਪਹੁੰਚਾਉਣ ਵਿੱਚ ਕਮੀ ਰਹੀ।
ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਦੋਸ਼ਾਂ ’ਤੇ ਜਵਾਬ ਦਿੰਦਿਆਂ ਡਾ. ਸੁੱਖੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਚਾਹੇ ਮੁਫ਼ਤ ਸਿਹਤ ਬੀਮਾ ਹੋਵੇ ਜਾਂ ਹੋਰ ਭਲਾਈ ਯੋਜਨਾਵਾਂ ਸਭ ਨੂੰ ਬਿਨਾਂ ਕਿਸੇ ਪਾਰਟੀ ਭੇਦਭਾਵ ਦੇ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇ ਸਰਕਾਰੀ ਯੋਜਨਾਵਾਂ ਹਰ ਵਰਗ ਤੱਕ ਪਹੁੰਚ ਰਹੀਆਂ ਹਨ ਅਤੇ ਲੋਕ ਇਸ ਦਾ ਲਾਭ ਲੈ ਰਹੇ ਹਨ, ਤਾਂ ਇਸ ਨਾਲ ਪਾਰਟੀ ਕਮਜ਼ੋਰ ਨਹੀਂ ਹੁੰਦੀ, ਸਗੋਂ ਲੋਕਾਂ ਦਾ ਭਰੋਸਾ ਵੱਧਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਜਲਦੀ ਹੀ ਅਕਾਲੀ ਦਲ ਨਾਲ ਜੁੜੇ ਕਈ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਗੇ। ਡਾ. ਸੁੱਖੀ ਨੇ ਵਿਸ਼ਵਾਸ ਜਤਾਇਆ ਕਿ ਆਉਣ ਵਾਲੇ ਸਮੇਂ ਵਿੱਚ ਪਾਰਟੀ ਹੋਰ ਮਜ਼ਬੂਤੀ ਨਾਲ ਅੱਗੇ ਵਧੇਗੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਦੁਬਾਰਾ ਬਣੇਗੀ।
ਇਸ ਪੂਰੇ ਮਾਮਲੇ ਨੇ ਹਲਕਾ ਬੰਗਾ ਵਿੱਚ ਆਮ ਆਦਮੀ ਪਾਰਟੀ ਦੀ ਅੰਦਰੂਨੀ ਸਥਿਤੀ ਨੂੰ ਲੈ ਕੇ ਕਈ ਸਵਾਲ ਖੜੇ ਕਰ ਦਿੱਤੇ ਹਨ, ਜਦਕਿ ਵਰਕਰਾਂ ਵਿੱਚ ਵੀ ਇਸ ਮਸਲੇ ’ਤੇ ਚਰਚਾਵਾਂ ਜ਼ੋਰਾਂ ’ਤੇ ਹਨ।

ਝਾੜੂ ਤੀਲਾ-ਤੀਲਾ, ਲੋਕਤੰਤਰ ਦੀ ਜਿੱਤ- ਧੱਕੇਸ਼ਾਹੀ ਦੀ ਹਾਰ: ਜਤਿੰਦਰ ਕੌਰ ਮੂੰਗਾ****ਨੌਜਵਾਨ ਕਾਂਗਰਸ ਆਗੂ ਨਾਨਕ ਸਿੰਘ ਜੰਡੀ ਬਣੇ ਬਲਾਕ ਸੰਮਤੀ ਬਲਾਚੌਰ ਦੇ ਚੇਅਰਮੈਨ

(ਜਿੱਤ ਉਪਰੰਤ ਕਾਂਗਰਸ ਆਗੂ ਜਤਿੰਦਰ ਕੌਰ ਮੂੰਗਾ, ਕਮਲਜੀਤ ਬੰਗਾ ਹਰਭਜਨ ਸਿੰਘ ਭਰੋਲੀ ਅਜੇ ਮੰਗੂਪੁਰ ਦਾ ਮੂੰਹ ਮਿੱਠਾ ਕਰਾਉਂਦੇ ਹੋਏ)
ਮਨਜਿੰਦਰ ਸਿੰਘ 
ਬੰਗਾ, 26 ਮਾਰਚ
ਬਲਾਚੌਰ ਬਲਾਕ ਸੰਮਤੀ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਲ ਕਰਦਿਆਂ ਨੌਜਵਾਨ ਆਗੂ ਨਾਨਕ ਸਿੰਘ ਜੰਡੀ ਨੂੰ ਬਲਾਕ ਸੰਮਤੀ ਦਾ ਚੇਅਰਮੈਨ ਬਣਾਇਆ ਹੈ। ਇਸ ਜਿੱਤ ਤੋਂ ਬਾਅਦ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ।
ਜ਼ਿਲਾ ਪ੍ਰਧਾਨ ਮਹਿਲਾ ਕਾਂਗਰਸ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਜਤਿੰਦਰ ਕੌਰ ਮੁੰਗਾ ਵੱਲੋਂ ਬਲਾਚੌਰ ਦੇ ਸੀਨੀਅਰ ਕਾਂਗਰਸ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੂੰ ਵਧਾਈਆਂ ਦਿੰਦਿਆਂ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਜਿੱਤ ਲੋਕਾਂ ਦੇ ਭਰੋਸੇ, ਕਾਂਗਰਸ ਵਰਕਰਾਂ ਦੀ ਮਿਹਨਤ ਅਤੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਦੀ ਅਗਵਾਈ ਦਾ ਨਤੀਜਾ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਨਤੀਜੇ ਨਾਲ ਸਾਬਤ ਹੋ ਗਿਆ ਹੈ ਕਿ “ਝਾੜੂ” ਤੀਲਾ-ਤੀਲਾ ਹੋ ਗਿਆ ਹੈ ਅਤੇ ਸੱਤਾਧਾਰੀ ਧਿਰ ਵੱਲੋਂ ਕੀਤੀ ਗਈ ਧੱਕੇਸ਼ਾਹੀ ਦੇ ਬਾਵਜੂਦ ਲੋਕਤੰਤਰ ਦੀ ਜਿੱਤ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੋਕਾਂ ਨੇ ਆਪਣਾ ਫੈਸਲਾ ਦੇ ਦਿੱਤਾ ਹੈ ਅਤੇ 2027 ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨੀ ਤੈਅ ਹੈ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਕਿਹਾ ਕਿ ਕਾਂਗਰਸ ਵਰਕਰਾਂ ਦੀ ਏਕਤਾ ਅਤੇ ਜਜ਼ਬੇ ਨਾਲ ਮਿਲੀ ਇਹ ਜਿੱਤ ਦਰਸਾਉਂਦੀ ਹੈ ਕਿ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦਾ ਹੈ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਵੱਡੀ ਜਿੱਤ ਦਰਜ ਕਰੇਗੀ।
ਇਸ ਦੌਰਾਨ ਕਮਲਜੀਤ ਸਿੰਘ ਬੰਗਾ ਅਤੇ ਹਰਭਜਨ ਸਿੰਘ ਭਰੋਲੀ ਵੱਲੋਂ ਵੀ ਨਾਨਕ ਸਿੰਘ ਜੰਡੀ ਦੇ ਚੇਅਰਮੈਨ ਬਣਨ ਅਤੇ ਕਾਂਗਰਸ ਪਾਰਟੀ ਦੀ ਜਿੱਤ 'ਤੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੂੰ ਵਧਾਈਆਂ ਦਿੰਦਿਆਂ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।

Tuesday, March 24, 2026

ਦਿਨ ਦਿਹਾੜੇ ਬੰਗਾ ਵਿੱਚ ਮੋਬਾਈਲ ਦੁਕਾਨ 'ਤੇ ਚੋਰੀ, 35 ਹਜ਼ਾਰ ਨਕਦੀ ਉੱਡੀ ::ਪੁਲਿਸ ਵੱਲੋਂ ਜਾਂਚ ਸ਼ੁਰੂ-ਐਸ ਐਚ ਓ ਜਸਵਿੰਦਰ ਸਿੰਘ

(ਜਾਣਕਾਰੀ ਦਿੰਦਾ ਦੁਕਾਨ ਦਾ ਮਾਲਕ ਵਿਨੈ ਕੁਮਾਰ।)
ਬੰਗਾ 24 ਮਾਰਚ (ਮਨਜਿੰਦਰ ਸਿੰਘ)
ਨਵਾਂਸ਼ਹਿਰ ਰੋਡ ਬੰਗਾ ਵਿਖੇ ਦਿਨ ਦਿਹਾੜੇ ਇੱਕ ਮੋਬਾਈਲਾਂ ਦੀ ਦੁਕਾਨ 'ਤੇ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਗੁਰੂ ਨਾਨਕ ਨਗਰ ਬੰਗਾ ਦੇ ਵਾਸੀ ਵਿਨੈ ਕੁਮਾਰ (ਪੁੱਤਰ ਬਲਰਾਜ ਕੁਮਾਰ), ਜੋ ਨਵਾਂਸ਼ਹਿਰ ਰੋਡ 'ਤੇ “ਐਪਲ ਪੁਆਇੰਟ” ਨਾਮਕ ਮੋਬਾਈਲ ਦੁਕਾਨ ਚਲਾ ਰਹੇ ਹਨ, ਦੁਪਹਿਰ ਕਰੀਬ ਸਾਡੇ ਤਿੰਨ ਵਜੇ ਆਪਣੇ ਘਰ ਰੋਟੀ ਖਾਣ ਲਈ ਗਏ ਹੋਏ ਸਨ। ਜਦੋਂ ਉਹ ਵਾਪਸ ਦੁਕਾਨ 'ਤੇ ਪਹੁੰਚੇ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਦੁਕਾਨ ਦੇ ਐਲੂਮਿਨੀਅਮ ਦਰਵਾਜ਼ੇ ਨੂੰ ਲੱਗੇ ਦੋ ਤਾਲੇ ਟੁੱਟੇ ਹੋਏ ਸਨ।
ਇਸ ਤੋਂ ਇਲਾਵਾ, ਦੁਕਾਨ ਅੰਦਰ ਮੌਜੂਦ ਦੋ ਗੱਲਿਆਂ ਦੇ ਤਾਲੇ ਵੀ ਤੋੜੇ ਹੋਏ ਮਿਲੇ। ਗੱਲਿਆਂ ਵਿੱਚ ਪਈ ਲਗਭਗ 35,000 ਰੁਪਏ ਦੀ ਨਕਦੀ ਚੋਰੀ ਹੋ ਚੁੱਕੀ ਸੀ।
ਦੁਕਾਨ ਮਾਲਕ ਵਿਨੈ ਕੁਮਾਰ ਨੇ ਦੱਸਿਆ ਕਿ ਇਲਾਕੇ ਵਿੱਚ ਵਧ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ ਅਤੇ ਪੁਲਿਸ ਪ੍ਰਸ਼ਾਸਨ ਨੂੰ ਇਸ 'ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਬੰਗਾ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਇਸ ਸਬੰਧੀ ਨਵ-ਨਿਯੁਕਤ ਐਸ.ਐਚ.ਓ. ਜਸਵਿੰਦਰ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਦੁਨੀ ਚੰਦ ਨੂੰ ਮਾਮਲੇ ਦੀ ਜਾਂਚ ਸੌਂਪੀ ਗਈ ਹੈ ਅਤੇ ਪੁਲਿਸ ਵੱਲੋਂ ਨਜ਼ਦੀਕੀ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਐਸ ਐਚ ਓ ਜਸਵਿੰਦਰ ਸਿੰਘ ਨੇ ਸਮਾਜ ਨੂੰ ਇੱਕ ਸੁਨੇਹਾ ਦਿੰਦਿਆਂ ਇਸ ਮੌਕੇ ਕਿਹਾ ਕਿ
ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਵੀ ਸਾਵਧਾਨ ਰਹਿਣ ਦੀ ਲੋੜ ਹੈ। ਆਪਣੀਆਂ ਦੁਕਾਨਾਂ ਅਤੇ ਘਰਾਂ ਵਿੱਚ ਉੱਚ-ਗੁਣਵੱਤਾ ਵਾਲੇ ਤਾਲੇ, ਸੀਸੀਟੀਵੀ ਕੈਮਰੇ ਅਤੇ ਸੁਰੱਖਿਆ ਪ੍ਰਬੰਧ ਲਾਜ਼ਮੀ ਬਣਾਏ ਜਾਣ। ਸਾਂਝੀ ਜਾਗਰੂਕਤਾ ਅਤੇ ਪੁਲਿਸ ਨਾਲ ਸਹਿਯੋਗ ਨਾਲ ਹੀ ਅਪਰਾਧਾਂ 'ਤੇ ਕਾਬੂ ਪਾਇਆ ਜਾ ਸਕਦਾ ਹੈ।

ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ

ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...