(ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਵੀਰਵਾਰ ਨੂੰ ਆਪਣੇ ਕੈਂਪ ਆਫਿਸ ਵਿਖੇ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ।)
ਪੰਜਾਬ ਸਰਕਾਰ ਦੀ ਨਿਵੇਕਲੀ ਪਹਿਲਕਦਮੀ 'ਇੱਕ ਦਿਨ ਡੀਸੀ/ਐਸਐਸਪੀ ਦੇ ਨਾਲ' ਤਹਿਤ ਜ਼ਿਲ੍ਹੇ ਦੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਸੱਤ ਟਾਪਰ ਵਿਦਿਆਰਥੀਆਂ ਨੇ ਸਾਰਾ ਦਿਨ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨਾਲ ਬਿਤਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਅੱਜ ਇਹ ਗੱਲ ਸਿੱਖੀ ਹੈ ਕਿ ਹਾਂ ਪੱਖੀ ਪਹੁੰਚ, ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦੇ ਹੋਣ ਤਾਂ ਤੁਹਾਡੇ ਟੀਚੇ ਦੀ ਪ੍ਰਾਪਤੀ ਨੂੰ ਕੋਈ ਰੋਕ ਨਹੀਂ ਸਕਦਾ।
ਡਿਪਟੀ ਕਮਿਸ਼ਨਰ ਦੀ ਰਿਹਾਇਸ਼ ‘ਤੇ ਨਾਸ਼ਤਾ ਕਰਨ ਉਪਰੰਤ ਦਿਨ ਦੀ ਸ਼ੁਰੂਆਤ ਕਰਦੇ ਹੋਏ, ਵਿਦਿਆਰਥੀਆਂ ਨੇ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਦੇ ਰੋਜ਼ਾਨਾ ਦਫ਼ਤਰੀ ਕਾਰਜਾਂ, ਲੋਕ ਮਸਲਿਆਂ ਦੀ ਸੁਣਵਾਈ, ਮੀਟਿੰਗਾਂ ਅਤੇ ਸਮੇਂ ਸਮੇਂ ਸਿਰ ਲਏ ਜਾਣ ਵਾਲੇ ਫੈਸਲਿਆਂ ਬਾਰੇ ਜਾਣਕਾਰੀ ਹਾਸਲ ਕਰਕੇ ਬੇਹੱਦ ਪ੍ਰਸੰਨ ਹਨ।ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਵੱਲੋਂ ਪੜ੍ਹਾਈ, ਸੰਘਰਸ਼ ਅਤੇ ਕਰੀਅਰ ਸਬੰਧੀ ਵਿਚਾਰਾਂ, ਸਲਾਹ, ਮਾਰਗਦਰਸ਼ਨ ਅਤੇ ਜਾਣਕਾਰੀ ਤੋਂ ਬਹੁਤ ਪ੍ਰੇਰਿਤ ਹੋਏ ਅਤੇ ਇਹ ਨਿਸ਼ਚਾ ਕੀਤਾ ਕਿ ਕੋਈ ਵੀ ਟੀਚਾ ਨਾਮੁਮਕਿਨ ਨਹੀਂ ਹੈ।
(ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨਾਲ ਗਰੁੱਪ ਫੋਟੋ ਕਰਵਾਉਂਦੇ ਵਿਦਿਆਰਥੀ।)
ਇਨ੍ਹਾਂ ਵਿਦਿਆਰਥੀਆਂ ਵਿੱਚ ਸ਼ਾਮਲ ਟਵਿੰਕਲ ਕੌਰ, ਬਬੀਤਾ ਕੁਮਾਰੀ, ਜਿਨ੍ਹਾਂ ਨੇ ਦਸਵੀਂ ਵਿੱਚ ਕ੍ਰਮਵਾਰ 97.54 ਪ੍ਰਤੀਸ਼ਤ ਅਤੇ 96.75 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਅਤੇ ਬਾਰ੍ਹਵੀਂ ਵਿਚੋਂ ਸਿਮਰਜੀਤ ਕੌਰ ਨੇ 98.6 ਪ੍ਰਤੀਸ਼ਤ, ਹਰਮਨਪ੍ਰੀਤ ਕੌਰ ਨੇ 97.6, ਰਣਬੀਰ ਕੌਰ ਨੇ ਵੀ 97.6, ਸ਼੍ਰੇਆ ਯਾਦਵ ਅਤੇ ਆਦਰਸ਼ ਯਾਦਵ ਦੋਵੇਂ ਭੈਣ-ਭਰਾ ਨੇ 97.2 ਅਤੇ 97.4 ਪ੍ਰਤੀਸ਼ਤ ਪ੍ਰਾਪਤ ਕੀਤੇ।
ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨਾਲ ਗੱਲਬਾਤ ਕਰਦਿਆਂ, ਵਿਦਿਆਰਥੀਆਂ ਨੇ ਉਨ੍ਹਾਂ ਨੂੰ ਪੜ੍ਹਾਈ ਅਤੇ ਭਵਿੱਖ ਵਿੱਚ ਆਪਣੇ ਟੀਚਿਆਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਮਿਹਨਤ 'ਤੇ ਵੀ ਮਾਣ ਹੈ, ਜਿਸ ਕਾਰਨ ਉਹ ਜ਼ਿਲ੍ਹੇ ਵਿੱਚ ਟਾਪਰ ਬਣੇ ਅਤੇ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨਾਲ ਪੂਰਾ ਦਿਨ ਬਿਤਾਉਣ ਦਾ ਮੌਕਾ ਮਿਲਿਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਮਨ ਵਿੱਚ ਟੀਚਾ ਹਾਸਲ ਕਰਨ ਦਾ ਧਾਰਿਆ ਹੋਵੇ ਤਾਂ ਕਿਸੇ ਨੂੰ ਕਾਮਯਾਬ ਰੋਕਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਦਸਵੀਂ, ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਵਿੱਚ ਡਟ ਕੇ ਕੀਤੀ ਮਿਹਨਤ ਉਚੇਰੀ ਸਿੱਖਿਆ ਅਤੇ ਭਵਿੱਖ ਵਿੱਚ ਮੁਕਾਬਲੇਬਾਜ਼ੀ ਦੇ ਇਮਤਿਹਾਨ ਵਿੱਚ ਬੇਹੱਦ ਲਾਹੇਵੰਦ ਸਾਬਤ ਹੁੰਦੀ ਹੈ ਕਿਉਂਕਿ ਇਹ ਇੱਕ ਮਜ਼ਬੂਤ ਨੀਂਹ ਕੰਮ ਕਰਦੀ ਹੈ। ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਵੱਲੋਂ ਲਈਆਂ ਮੀਟਿੰਗਾਂ ਵਿੱਚ ਸ਼ਿਰਕਤ ਕਰਕੇ ਵੱਖ-ਵੱਖ ਤਰ੍ਹਾਂ ਦੀ ਪ੍ਰਕਿਰਿਆ ਦੀ ਜਾਣਕਾਰੀ ਹਾਸਲ ਕੀਤੀ।
(ਐਸ.ਐਸ.ਪੀ. ਡਾ. ਮਹਿਤਾਬ ਸਿੰਘ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ।)
ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੀਆਂ ਵੱਖ-ਵੱਖ ਬ੍ਰਾਂਚਾਂ, ਵਧੀਕ ਡਿਪਟੀ ਕਮਿਸ਼ਨਰ ਦਫ਼ਤਰ, ਐਸ.ਡੀ.ਐਮ ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਦਫ਼ਤਰ, ਡੀ.ਪੀ.ਓ., ਕੰਟਰੋਲ ਰੂਮ, ਸਮਾਜਿਕ ਸੁਰੱਖਿਆ ਦਫ਼ਤਰ, ਸੇਵਾ ਕੇਂਦਰ ਆਦਿ ਦਾ ਵੀ ਦੌਰਾ ਕੀਤਾ।
ਇਸ ਉਪਰੰਤ ਵਿਦਿਆਰਥੀਆਂ ਨੇ ਐਸ.ਐਸ.ਪੀ. ਡਾ. ਮਹਿਤਾਬ ਸਿੰਘ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਵੀ ਸਵਾਲ-ਜਵਾਬ ਕੀਤੇ। ਐਸ.ਐਸ.ਪੀ. ਜੋ ਇੱਕ ਡਾਕਟਰ ਹਨ ਨੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਅਤੇ ਆਈ.ਪੀ.ਐਸ. ਬਣਨ ਲਈ ਕੀਤੀ ਸਖ਼ਤ ਮਿਹਨਤ ਬਾਰੇ ਦੱਸਿਆ। ਵਿਦਿਆਰਥੀਆਂ ਨੇ ਜ਼ਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਦੀਆਂ ਵੱਖ-ਵੱਖ ਬ੍ਰਾਂਚਾਂ ਦਾ ਵੀ ਦੌਰਾ ਕਰਕੇ ਜਾਣਕਾਰੀ ਹਾਸਲ ਕੀਤੀ।
ਮਾਪਿਆਂ ਨੇ ਪੰਜਾਬ ਸਰਕਾਰ ਦੀ ਕੀਤੀ ਸ਼ਲਾਘਾ
ਮੰਢਾਲੀ ਪਿੰਡ ਤੋਂ ਵਿਦਿਆਰਥਣ ਟਵਿੰਕਲ ਕੌਰ ਦੀ ਮਾਤਾ ਕੁਲਵੰਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ ਬੇਹੱਦ ਸਲਾਹੁਣਯੋਗ ਹੈ ਜਿਹੜਾ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਅਤੇ ਭਵਿੱਖ ਵਿੱਚ ਕਾਮਯਾਬੀ ਲਈ ਮੀਲਪੱਥਰ ਸਾਬਤ ਹੋਵੇਗਾ।
ਬੰਗਾ ਤੋਂ ਵਿਦਿਆਰਥਣ ਬਬੀਤਾ ਕੁਮਾਰੀ ਦੀ ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਕਦੇ ਸੋਚਿਆ ਨਹੀਂ ਸੀ ਕਿ ਉਨ੍ਹਾਂ ਧੀ ਦੀ ਸ਼ਾਨਦਾਰ ਕਾਰਗੁਜਾਰੀ ਉਪਰੰਤ ਉਸ ਨੂੰ ਜ਼ਿਲ੍ਹੇ ਦੇ ਸਭ ਤੋਂ ਵੱਡੇ ਅਧਿਕਾਰੀ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨਾਲ ਯਾਦਗਾਰੀ ਮੁਲਾਕਾਤ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਪਹਿਲਕਦਮੀ ਵਿਦਿਆਰਥੀਆਂ ਲਈ ਤਾਅ ਉਮਰ ਯਾਦਗਾਰ ਰਹੇਗੀ।
ਪਿੰਡ ਮਜਾਰਾ ਕਲਾਂ ਤੋਂ ਵਿਦਿਆਰਥਣ ਹਰਮਨਪ੍ਰੀਤ ਕੌਰ ਦੇ ਪਿਤਾ ਬਲਵਿੰਦਰ ਸਿੰਘ ਨੇ ਕਿਹਾ ਕਿ ਇਹ ਦਿਨ ਪਰਿਵਾਰਾਂ ਖਾਸਕਰ ਸਕੂਲਾਂ ਲਈ ਮਾਣ ਅਤੇ ਯਾਦਗਾਰ ਭਰਪੂਰ ਹੈ। ਉਨ੍ਹਾਂ ਕਿਹਾ ਕਿ ਹਰਮਨਪ੍ਰੀਤ ਕੌਰ ਨੇ ਨਾਮਨਾ ਖੱਟ ਕੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿਦਿਆਰਥੀਆਂ ਦੀ ਕੀਤੀ ਹੌਸਲਾਅਫਜਾਈ ਦਾ ਅਨੰਦ ਮਾਣਿਆ ਹੈ। ਉਨ੍ਹਾਂ ਕਿਹਾ ਕਿ ਇਹ ਦਿਨ ਵਿਦਿਆਰਥੀਆਂ ਲਈ ਜਾਣਕਾਰੀਆਂ ਭਰਪੂਰ, ਗਿਆਨ ਸਿੱਖਣ ਅਤੇ ਨਵੇਂ ਵਿਚਾਰਾਂ ਦੀ ਸਾਂਝ ਪਾਉਣ ਵਾਲਾ ਹੈ, ਜੋ ਭਵਿੱਖ ਵਿੱਚ ਉਨ੍ਹਾਂ ਦੇ ਬਹੁਤ ਕੰਮ ਆਵੇਗਾ।
ਵਿਦਿਆਰਥੀਆਂ ਬਾਰੇ ਜਾਣਕਾਰੀ
ਟਵਿੰਕਲ ਕੌਰ (97.54 ਪ੍ਰਤੀਸ਼ਤ ਨਾਲ ਦਸਵੀਂ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੰਢਾਲੀ
ਬਬੀਤਾ ਕੁਮਾਰੀ (96.77 ਪ੍ਰਤੀਸ਼ਤ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਾਬਾ ਗੋਲਾ, ਬੰਗਾ
ਸਿਮਰਜੀਤ ਕੌਰ +2 (98.06 ਪ੍ਰਤੀਸ਼ਤ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਲਾਚੌਰ
ਹਰਮਨਪ੍ਰੀਤ ਕੌਰ +2 (97.06 ਪ੍ਰਤੀਸ਼ਤ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜਾਡਲਾ
ਰਣਬੀਰ ਕੌਰ +2 (97.06 ਪ੍ਰਤੀਸ਼ਤ)
ਪ੍ਰਧਾਨ ਮੰਤਰੀ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਰਾਹੋਂ
ਸ਼੍ਰੇਆ ਯਾਦਵ +2 (97.02 ਪ੍ਰਤੀਸ਼ਤ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਰਾਹੋਂ
ਆਦਰਸ਼ ਯਾਦਵ +2 (97.04 ਪ੍ਰਤੀਸ਼ਤ)
ਸਕੂਲ ਆਫ਼ ਐਮੀਨੈਂਸ, ਨਵਾਂਸ਼ਹਿਰ
No comments:
Post a Comment