Saturday, November 22, 2025

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵਾਂ ਸ਼ਹੀਦੀ ਦਿਹਾੜਾ **ਨਗਰ ਕੀਰਤਨ ਦਾ ਪੂਰਾ ਜਾਹੋ-ਜਹਾਲ ਨਾਲ ਸਵਾਗਤ **ਭਾਰੀ ਗਿਣਤੀ ‘ਚ ਇਕੱਤਰ ਸੰਗਤਾਂ ਹੋਈਆਂ ਨਤਮਸਤਕ**ਬੰਗਾ ਦੇ ਵਿਧਾਇਕ ਤੇ ਹਲਕਾ ਇੰਚਾਰਜ ਨੇ ਨਗਰ ਕੀਰਤਨ ਦੇ ਜ਼ਿਲੇ ‘ਚ ਪ੍ਰਵੇਸ਼ ਵੇਲੇ ਕੀਤਾ ਸਵਾਗਤ



ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ, ਵਾਈਸ ਚੇਅਰਮੈਨ ਕੁਲਜੀਤ ਸਿੰਘ ਸਰਹਾਲ, ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ, ਐਸਐਸਪੀ ਤੁਸ਼ਾਰ ਗੁਪਤਾ ਤੇ ਹੋਰ ਮੇਹਲੀ  ਵਿਖੇ ਨਗਰ ਕੀਰਤਨ ਦਾ ਸਵਾਗਤ ਕਰਦੇ ਹੋਏ।

ਬੰਗਾ ੨੨ ਨਵੰਬਰ (ਮਨਜਿੰਦਰ ਸਿੰਘ): ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦੇ ਸ਼ਨੀਵਾਰ ਸ਼ਾਮ ਨੂੰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਦਾਖ਼ਲ ਹੋਣ ਸਮੇਂ  ਮੇਹਲੀ ਪਿੰਡ ਨੇੜੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪੂਰੇ ਜਾਹੋ-ਜਹਾਲ ਨਾਲ ਸਵਾਗਤ ਕੀਤਾ। 
ਸੰਗਤ ਨੇ ਪਾਲਕੀ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਜਾ ਰਹੀ ਗੱਡੀ ’ਤੇ ਫੁੱਲਾਂ ਦੀ ਵਰਖਾ ਕੀਤੀ ਅਤੇ  ਸ਼ਬਦ-ਕੀਰਤਨ ਕਰਦਿਆਂ ਨਗਰ ਕੀਰਤਨ ਦਾ ਸਵਾਗਤ ਕੀਤਾ। ਪੰਜਾਬ ਪੁਲਿਸ ਦੇ ਜਵਾਨਾਂ ਦੀ ਟੁਕੜੀ ਨੇ ਗਾਰਡ ਆਫ ਆਨਰ ਦਿੱਤਾ । ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁਖੀ, ਪੰਜਾਬ ਜਲ ਸਰੋਤ ਪ੍ਰਬੰਧਨ  ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਕੁਲਜੀਤ ਸਿੰਘ ਸਰਹਾਲ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਜੋਤ ਕੌਰ ਲੋਹਟੀਆ, ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ, ਐਸ.ਐਸ.ਪੀ. ਤੁਸ਼ਾਰ ਗੁਪਤਾ ਅਤੇ ਹੋਰ ਸ਼ਖਸੀਅਤਾਂ ਨੇ ਵੀ ਸੰਗਤ ਨਾਲ ਸ਼ਾਮਲ ਹੋ ਕੇ ਨਗਰ ਕੀਰਤਨ ਦਾ ਸਵਾਗਤ ਕੀਤਾ। ਗੁਰਦਾਸਪੁਰ ਤੋਂ ਸ਼ੁਰੂ ਹੋਇਆ ਇਹ ਨਗਰ ਕੀਰਤਨ ਮੇਹਲੀ, ਬਹਿਰਾਮ, ਬੰਗਾ, ਨਵਾਂਸ਼ਹਿਰ, ਬਲਾਚੌਰ, ਕਾਠਗੜ੍ਹ , ਗੁਰਦੁਆਰਾ ਟਿੱਬੀ ਸਾਹਿਬ, ਰੋਪੜ ਹੈੱਡਵਰਕਸ ਤੋਂ ਹੁੰਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਪਹੁੰਚੇਗਾ।
ਨਗਰ ਕੀਰਤਨ ਦਾ ਸਵਾਗਤ ਕਰਦਿਆਂ ਬੰਗਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁਖੀ ਨੇ ਕਿਹਾ ਕਿ ਅਸੀਂ ਸਾਰੇ ਵੱਡਭਾਗੀ ਹਾਂ ਜੋ ਗੁਰੂ ਜੀ ਦੇ ਇਤਿਹਾਸਕ 350ਵੇਂ ਸ਼ਹੀਦੀ ਦਿਵਸ ਵਿੱਚ ਸ਼ਾਮਲ ਹੋ ਰਹੇ ਹਾਂ। ਉਨ੍ਹਾਂ ਕਿਹਾ ਕਿ ਗੁਰੂ ਜੀ ਨੇ ਮਨੁੱਖਤਾ, ਮਨੁੱਖੀ ਅਧਿਕਾਰਾਂ, ਧਾਰਮਿਕ ਆਜ਼ਾਦੀ ਅਤੇ ਸਾਰੇ ਧਰਮਾਂ ਦੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਆਪਣਾ ਸੀਸ ਨਿਸ਼ਾਵਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਸਿੱਖ ਗੁਰੂਆਂ ਦੀ ਅਮੀਰ ਵਿਰਾਸਤ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਣੂ ਕਰਵਾਉਣ ਲਈ ਲੜੀਵਾਰ ਧਾਰਮਿਕ ਸਮਾਗਮ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚ ਸਾਰੇ ਧਰਮਾਂ ਦੇ ਲੋਕ ਗੁਰੂ ਜੀ ਨੂੰ ਨਤਮਸਤਕ ਹੋਣ ਲਈ ਇਕੱਤਰ ਹੋ ਕੇ ਨਗਰ ਕੀਰਤਨਾਂ ਦਾ ਥਾਂ-ਥਾਂ ਸਵਾਗਤ ਲਰ ਰਹੇ ਹਨ । ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਤੇ ਐਸਐਸਪੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਨਗਰ ਕੀਰਤਨ ਦੇ ਸਵਾਗਤ ਤੇ ਵੱਡੀ ਗਿਣਤੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਇਸੇ ਦੌਰਾਨ ਨਗਰ ਕੀਰਤਨ ਬਹੀਆਂ, ਢਾਹਾਂ-ਕਲੇਰਾਂ, ਮਜਾਰੀ, ਬੰਗਾ ਪਹੁੰਚਿਆ ਅਤੇ ਸ੍ਰੀ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਪੜਾਅ ਕਰਨ ਉਪਰੰਤ ਸ਼ੁਰੂ ਹੋਇਆ। ਗੁਰਦਵਾਰਾ ਸਾਹਿਬ ਵਿਖੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁਖੀ, ਪੰਜਾਬ ਜਲ ਸਰੋਤ ਪ੍ਰਬੰਧਨ  ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਕੁਲਜੀਤ ਸਿੰਘ ਸਰਹਾਲ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਜੋਤ ਕੌਰ ਲੋਹਟੀਆ ਸਮੇਤ ਸੈਂਕੜਿਆਂ ਦੀ  ਗਿਣਤੀ ਵਿੱਚ ਇਕੱਤਰ ਹੋਈ ਸੰਗਤ ਨੇ ਪਾਲਕੀ ਸਾਹਿਬ ਦੇ ਦਰਸ਼ਨ ਕੀਤੇ। ਇਸ ਉੋਪਰੰਤ ਨਗਰ ਕੀਰਤਨ ਪਿੰਡ ਮੱਲਪੁਰ ਅੜਕਾਂ, ਸ਼ੂਗਰ ਮਿੱਲ ਨੇੜੇ, ਡੀ-ਮਾਰਟ ਨੇੜੇ ਅਤੇ ਬਲਾਚੌਰ ਵਿੱਚ ਵੀ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਪੂਰੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਗੁਰਦੁਆਰਾ ਟਿੱਬੀ ਸਾਹਿਬ, ਰੋਪੜ ਹੈੱਡਵਰਕਸ ’ਤੇ ਥੋੜ੍ਹੀ ਦੇਰ ਦੇ ਪੜਾਅ ਤੋਂ ਬਾਅਦ ਨਗਰ ਕੀਰਤਨ ਜ਼ਿਲ੍ਹਾ ਰੋਪੜ ਵਿੱਚ ਦਾਖ਼ਲ ਹੋ ਗਿਆ।


 

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...