Tuesday, March 31, 2020

ਬੰਗਾ ਦੇ ਸੀਲ ਕੀਤੇ ਪਿੰਡਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਹੀਂ ਆਉਣ ਦੇਵਾਂਗੇ-ਐਸ ਡੀ ਐਮ ਗੌਤਮ ਜੈਨ

ਬੰਗਾ, 31 ਮਾਰਚ-
ਐਸ ਡੀ ਐਮ ਬੰਗਾ ਗੌਤਮ ਜੈਨ ਨੇ ਬੰਗਾ ਦੇ ਕੋਰੋਨਾ ਵਾਇਰਸ ਮਰੀਜ਼ਾਂ ਦੇ ਸਾਹਮਣੇ ਆਉਣ ਤੋਂ ਬਾਅਦ ਮੁਕੰਮਲ ‘ਲਾਕ ਡਾਊਨ’ ਕੀਤੇ ਪਿੰਡਾਂ ’ਚ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਉਣ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਇਨ੍ਹਾਂ ਪਿੰਡਾਂ ਦੇ ਮਰੀਜ਼ਾਂ ਦੀ ਮੰਗ ’ਤੇ ਲੁਧਿਆਣਾ, ਜਲੰਧਰ ਅਤੇ ਚੰਡੀਗੜ੍ਹ ਤੱਕ ਤੋਂ ਜੀ ਓ ਜੀਜ਼ ਅਤੇ ਹੋਰ ਸਰਕਾਰੀ ਕਰਮਚਾਰੀਆਂ ਰਾਹੀਂ ਦਵਾਈਆਂ ਦੀ ਮੰਗ ਪੂਰੀ ਕਰਵਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਇਸ ਮੁਸ਼ਕਿਲ ਦੀ ਘੜੀ ’ਚ ਇਨ੍ਹਾਂ ਪਿੰਡਾਂ ਦੇ ਲੋਕਾਂ ਵੱਲੋਂ ਦਿਖਾਏ ਜਾ ਰਹੇ ਹੌਂਸਲੇ ਅਤੇ ਦਲੇਰੀ ਲਈ ਇਨ੍ਹਾਂ ਦਾ ਧੰਨਵਾਦੀ ਹੈ ਅਤੇ ਆਪਣੇ ਵੱਲੋਂ ਇਨ੍ਹਾਂ ਨੂੰ ਕੋਈ ਵੀ ਮੁਸ਼ਕਿਲ ਨਾ ਆਉਣ ਦੇਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਿੰਡਾਂ ’ਚ ਲੋੜੀਂਦੇ ਰਾਸ਼ਨ, ਗੈਸ ਸਿਲੰਡਰ, ਨਿਰਵਿਘਨ ਬਿਜਲੀ ਅਤੇ ਪਾਣੀ ਦੀ ਸਪਲਾਈ ਦਾ ਵਿਸ਼ੇਸ਼ ਤੌਰ ’ਤੇ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਠਲਾਵਾ ’ਚ ਵੀ ਸਹਿਕਾਰੀ ਮੰਡੀਕਰਣ ਸਭਾ ਬੰਗਾ ਰਾਹੀਂ ਰਾਸ਼ਨ ਦੀ ਸਪਲਾਈ ਨਿਰੰਤਰ ਜਾਰੀ ਹੈ, ਜਿਸ ਦਾ ਸੰਚਾਲਨ ਪਿੰਡ ਦੇ ਵਿਅਕਤੀਆਂ ਵੱਲੋਂ ਆਪਣੇ ਤੌਰ ’ਤੇ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਖੁਦ ਵੀ ਸਰਕਾਰ ਦੀ ਤਰਫੋਂ ਵੀ ਪਿੰਡ ’ਚ ਕੁੱਝ ਰਾਸ਼ਨ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਸੇ ਤਰ੍ਹਾਂ ਉਨ੍ਹਾਂ ਵੱਲੋਂ ਅਤੇ ਡੀ ਐਸ ਪੀ ਨਵਨੀਤ ਸਿੰਘ ਮਾਹਲ ਵੱਲੋਂ ਦਵਾਈਆਂ ਦੀਆਂ ਲੋੜਾਂ ਨੂੰ ਪੂਰਾ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੁੱਚੇ ਜ਼ਿਲ੍ਹੇ ’ਚ ਲੋੜਵੰਦ ਪਰਿਵਾਰਾਂ ਦੀ ਸੂਚੀ ਬਣਾਈ ਗਈ ਹੈ, ਜਿਨ੍ਹਾਂ ਨੂੰ ਸਰਕਾਰ ਵੱਲੋਂ ਰਾਸ਼ਨ ਕਿੱਟਾਂ ਦਿੱਤੀਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਹੁਣ ਤੱਕ ਕੀਤੇ ਗਏ 361 ਟੈਸਟਾਂ ’ਚੋਂ 358 ਟੈਸਟ ਪਠਲਾਵਾ ਦੇ ਸਵ. ਬਲਦੇਵ ਸਿੰਘ ਦੇ ਸੰਪਰਕਾਂ ’ਚੋਂ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਨ੍ਹਾਂ ਟੈਸਟਾਂ ’ਚੋਂ ਪਾਜ਼ੇਟਿਵ ਪਾਏ ਗਏ 18 ਪਰਿਵਾਰਿਕ ਮੈਂਬਰਾਂ ਤੇ ਹੋਰ ਵਿਅਕਤੀਆਂ ਦਾ ਨਵਾਂਸ਼ਹਿਰ ਦੇ ਸਿਵਲ ਹਸਪਤਾਲ ਵਿਖੇ ਇਲਾਜ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਇਸ ਸਾਰੇ ਇਲਾਜ ਅਧੀਨ ਵਿਅਕਤੀ ਬਿਲਕੁਲ ਤੰਦਰੁਸਤ ਹਨ।
ਐਸ ਡੀ ਐਮ ਅਨੁਸਾਰ ਪ੍ਰਸ਼ਾਸਨ ਵੱਲੋਂ ਜਿੱਥੇ ਪਠਲਾਵਾ ਤੇ ਨਾਲ ਲਗਦੇ ਪਿੰਡਾਂ ’ਚ ਲੋਕਾਂ ਦੀ ਸਿਹਤ ਜਾਂਚ ਦੇ ਪੁਖਤਾ ਪ੍ਰਬੰਧ ਕਰਦੇ ਹੋਏ ਪਠਲਾਵਾ ਅਤੇ ਮਹਿਲ ਗਹਿਲਾਂ ਵਿਖੇ 24 ਘੰਟੇ ਮੈਡੀਕਲ ਟੀਮ ਬਿਠਾਈ ਗਈ ਹੈ ਜਦਕਿ ਸੁੱਜੋਂ ਦੇ ਪ੍ਰਾਇਮਰੀ ਹੈਲਥ ਸੈਂਟਰ ਵਿਖੇ ਵੀ ਸਿਹਤ ਸੇਵਾਵਾਂ ਸ਼ਾਮ 5 ਵਜੇ ਤੱਕ ਚਲਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਪਠਲਾਵਾ ਦੇ ਉਨ੍ਹਾਂ ਵਿਅਕਤੀਆਂ ਜਿਨ੍ਹਾਂ ਨੂੰ ਓਟ ਸੈਂਟਰ ਤੋਂ ਨਸ਼ਾ ਮੁਕਤੀ  ਲਈ ਦਵਾਈ ਦੀ ਲੋੜ ਸੀ, ਉਹ ਵੀ ਪਿੰਡ ’ਚ ਹੀ ਮੁਹੱਈਆ ਕਰਵਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਪਠਲਾਵਾ ਦੇ ਲੋਕਾਂ ਦੀ ਮੰਗ ’ਤੇ  ਮੈਡੀਕਲ ਟੀਮਾਂ ਡਬਲ ਕਰ ਦਿੱਤੀਆਂ ਗਈਆਂ ਹਨ, ਜਿਨ੍ਹਾਂ ’ਚੋਂ ਇੱਕ ਟੀਮ ਮੈਡੀਕਲ ਸਪੈਸ਼ਲਿਸਟ ਸਮੇਤ ਪਿੰਡ ਦੇ ਲੋਕਾਂ ਦੀ ਰੁਟੀਨ ਸਿਹਤ ਜਾਂਚ ਲਈ ਪਿੰਡ ’ਚ ਤੇ ਦੂਸਰੀ ਬਾਹਰ ਨਾਕੇ ’ਤੇ ਮੁਸਤੈਦ ਰੱਖੀ ਗਈ ਹੈ।
ਐਸ ਡੀ ਐਮ ਸ੍ਰੀ ਜੈਨ ਨੇ ਸੀਲ ਕੀਤੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਕੀਤੇ ਪ੍ਰਬੰਧਾਂ ’ਚ ਪ੍ਰਸ਼ਾਸਨ ਦਾ ਪੂਰਨ ਸਹਿਯੋਗ ਦੇਣ ਤਾਂ ਜੋ ਇਸ ਵਾਇਸਰ ਖ਼ਿਲਾਫ਼ ਸਾਂਝੇ ਤੌਰ ’ਤੇ ਸ਼ੁਰੂ ਕੀਤੀ ਲੜਾਈ ਨੂੰ ਉਨ੍ਹਾਂ ਦੇ ਸਹਿਯੋਗ ਨਾਲ ਜਿੱਤਿਆ ਜਾ ਸਕੇ।
ਫ਼ੋਟੋ ਕੈਪਸ਼ਨ: ਜੀ ਓ ਜੀ ਤਹਿਸੀਲ ਹੈਡ ਸ਼ਰਨਜੀਤ ਸਿੰਘ ਬੰਗਾ ਦੇ ਸੀਲ ਕੀਤੇ ਇੱਕ ਪਿੰਡ ਦੇ ਵਸਨੀਕ ਨੂੰ ਬਾਹਰੋਂ ਮੰਗਵਾਈ ਦਵਾਈ ਦੀ ਸਪਲਾਈ ਸੌਂਪਦੇ ਹੋਏ

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...