ਬੰਗਾ26, ਦਸੰਬਰ( ਮਨਜਿੰਦਰ ਸਿੰਘ) ਲੇਖਕਾਂ, ਵਕੀਲਾਂ, ਮੁਲਾਜ਼ਮਾਂ, ਮਜ਼ਦੂਰਾਂ, ਦੁਕਾਨਦਾਰਾਂ, ਕਲਾਕਾਰਾਂ, ਛੋਟੇ ਵਪਾਰੀਆਂ ਆਦਿ ਸਮੇਤ ਸਮੂਹ ਜਾਗਰੂਕ ਲੋਕਾਂ ’ਤੇ ਆਧਾਰਤ ‘ਕਿਸਾਨ-ਮਜ਼ਦੂਰ ਸੰਘਰਸ਼ ਚੇਤਨਾ ਕਾਫ਼ਲਾ’ ਅੱਜ 26 ਦਸੰਬਰ ਸਨਿਚਰਵਾਰ ਸਵੇਰੇ ਦਸ ਵਜੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਤੋਂ ਸਮੂਹ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਚੇਤਨਾ ਮਾਰਚ ਸ਼ੁਰੂ ਹੋਵੇਗਾ, ਜੋ ਜਲੰਧਰ ਸ਼ਹਿਰ ਵਿਚੋਂ ਹੁੰਦਾ ਹੋਇਆ ਸ਼ਹੀਦ ਭਗਤ ਸਿੰਘ ਸਮਾਰਕ ਸਥਾਨ ਖਟਕੜ ਕਲਾਂ ਤਕ ਜਾਵੇਗਾ। ਇਸ ਚੇਤਨਾ ਮਾਰਚ ਦਾ ਉਦੇਸ਼ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਨ ਤੋਂ ਇਲਾਵਾ ਮਜਦੂਰਾਂ ਸੰਬੰਧੀ ਤੇ ਬਿਜਲੀ ਬਿੱਲਾਂ ਸੰਬੰਧੀ ਆਰਡੀਨੈਂਸ ਰੱਦ ਕਰਨ ਸਮੇਤ ਕੇਂਦਰ ਸਰਕਾਰ ਦੀਆਂ ਤਮਾਮ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰਨਾ ਅਤੇ ਇਸ ਪ੍ਰਤੀ ਲੋਕਾਂ ਵਿਚ ਚੇਤਨਾ ਪੈਦਾ ਕਰਦਿਆਂ ਜਨ ਹੁੰਗਾਰਾ ਸਿਰਜਣਾ ਹੈ।
ਇਸ ਸੰਬੰਧ ਵਿਚ ਬੀਤੇ ਕਲ੍ਹ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਭਰਵੀਂ ਮੀਟਿੰਗ ਕੀਤੀ ਗਈ, ਜਿਸ ਵਿਚ ਕਾਨੂੰਗੋਅ ਐਸੋਸੀਏਸ਼ਨ ਵੱਲੋਂ ਬੂਟਾ ਸਿੰਘ, ਪਟਵਾਰ ਯੂਨੀਅਨ ਵਲੋਂ ਸਾਲਗ ਰਾਮ, ਪ੍ਰਸ਼ੋਤਮ ਲਾਲ ਅਤੇ ਜਤਿੰਦਰ ਵਾਲੀਆ, ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਸੁਰਜੀਤ ਜੱਜ ਤੇ ਹਰਬੰਸ ਹੀਉ, ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਜੀਤ ਸਿੰਘ, ਜਨਰਲ ਸਕੱਤਰ ਤੇਜਿੰਦਰ ਸਿੰਘ, ਸਵਰ ਫਾਉਡੇਸ਼ਨ ਦੇ ਪ੍ਰਧਾਨ ਜਸਪ੍ਰੀਤ ਸਿੰਘ ਦਾਹੀਆ, ਬਾਰ ਐਸੋਸੀਏਸ਼ਨ ਵਲੋਂ ਪ੍ਰਧਾਨ ਗੁਰਮੇਲ ਸਿੰਘ ਲਿੱਧੜ ਤੇ ਸਕੱਤਰ ਸੰਦੀਪ ਸਿੰਘ ਸੰਘਾ, ਸਫਾਈ ਮਜ਼ਦੂਰ ਯੂਨੀਅਨ ਵਲੋਂ ਚੰਦਨ ਗਰੇਵਾਲ, ਆਪਣੀ ਮਿੱਟੀ ਅਖ਼ਬਾਰ ਵਲੋਂ ਅਜੈ ਯਾਦਵ, ਗਾਇਕ ਕਲਾਕਾਰਾਂ ਵਲੋਂ ਮੰਗੀ ਮਾਹਲ, ਪੰਜਾਬ ਪ੍ਰੈਸ ਕਲੱਬ ਯੂਨਿਟ ਜਲੰਧਰ ਵਲੋਂ ਮਨਜੀਤ ਕੇਸਰ, ਸਮਾਜ ਸੇਵਕ ਚਰਨਜੀਤ ਸਿੰਘ, ਜਤਿੰਦਰ ਵਾਲੀਆ, ਪਿ੍ਰੰਸੀਪਲ ਜਸਪਾਲ ਸਿੰਘ ਰੰਧਾਵਾ, ਤਰਕਸ਼ੀਲ ਪਰਮਜੀਤ ਸਿੰਘ ਆਦਿ ਹਾਜ਼ਰ ਹੋਏ।
ਇਹ ਜਾਣਕਾਰੀ ‘ਕਾਫ਼ਲੇ’ ਦੇ ਕਨਵੀਨਰ ਮੱਖਣ ਮਾਨ, ਰਜਿੰਦਰ ਮੰਡ, ਦੇਸ ਰਾਜ ਕਾਲੀ, ਸੁਰਜੀਤ ਜੱਜ, ਡਾ. ਸੈਲੇਸ਼, ਡਾ. ਮਹੇਸ਼ਵਰੀ ਨੇ ਦੱਸਿਆ ਕਿ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਤੋਂ ਖਟਕੜ ਕਲਾਂ ਨਾਲ ਜੁੜੇ ਇਸ ਚੇਤਨਾ ਮਾਰਚ ਦਾ ਵਿਸ਼ੇਸ਼ ਮਹੱਤਵ ਬਣ ਜਾਂਦਾ ਹੈ।
No comments:
Post a Comment