ਨਵਾਂਸ਼ਹਿਰ24, ਅਪਰੈਲ (ਮਨਜਿੰਦਰ ਸਿੰਘ )ਕਰੋਨਾ ਮਹਾਂਮਾਰੀ ਦੇ ਚਲਦਿਆਂ ਜਿਥੇ ਆਮ ਲੋਕ ਅਨੇਕਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ ਉਥੇ ਨਵਾਂਸ਼ਹਿਰ ਅਤੇ ਨਾਲ ਲਗਦੇ ਇਲਾਕਿਆਂ ਵਿਚ ਰਹਿ ਰਹੇ ਬੇਸਹਾਰਾ ਬਜ਼ੁਰਗਾਂ ਅਤੇ ਆਰਥਿਕ ਤੌਰ ਤੇ ਪ੍ਰੇਸ਼ਾਨ ਵਿਕਲਾਂਗ ਵਿਅਕਤੀਆਂ ਲਈ ਇਕ ਚੰਗੀ ਖਬਰ ਹੈ ਕਿ ਐੱਨ ਆਰ ਆਈ ਵੀਰਾਂ ਵਲੋਂ ਅਜਿਹੇ ਨਿਆਸਰੇ ਲੋਕਾਂ ਲਈ ਘਰ ਬੈਠਿਆਂ ਨੂੰ ਦੋ ਵਕਤ ਦਾ ਖਾਣਾ ਪਹੁੰਚਾਉਣ ਦਾ ਉਪਰਾਲਾ ਅਰੰਭ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਇਸ ਸੇਵਾ ਦੇ ਸੰਚਾਲਕ ਸ: ਅਮਰੀਕ ਸਿੰਘ ਨੇ ਦਸਿਆ ਕਿ ਵਿਦੇਸ਼ ਵਿਚ ਰਹਿ ਰਹੇ ਸ: ਗੁਰਜਿੰਦਰ ਸਿੰਘ ਵਲੋਂ ਅਜਿਹੀ ਟਿਫਨ ਸੇਵਾ ਪਹਿਲਾਂ ਹੀ ਉਨਾ ਦੇ ਪਿੰਡ ਗੁਰਦੁਆਰਾ ਦਸਮੇਸ਼ ਪਿਤਾ ਚੇਲਾ ਤੋਂ ਸਫਲਤਾਪੂਰਵਕ ਚਲਾਈ ਜਾ ਰਹੀ ਹੈ। ਬੁੱਧਵਾਰ ਮਿਤੀ 28 ਅਪ੍ਰੈਲ ਤੋਂ ਅਰੰਭ ਕੀਤੀ ਜਾ ਰਹੀ ਇਸ ਸੇਵਾ ਵਿਚ ਨਵਾਂਸ਼ਹਿਰ ਅਤੇ ਆਸਪਾਸ ਦੇ 10 ਕਿਲੋਮੀਟਰ ਅੰਦਰ ਰਹਿ ਰਹੇ ਲੋੜਵੰਦ ਬੇਸਹਾਰਾ ਵਿਅਕਤੀਆਂ ਨੂੰ ਰੋਜਾਨਾ ਟਿਫਨ ਵਿਚ ਪੈਕ ਦੋ ਵਕਤ ਦਾ ਖਾਣਾ ਪਹੁੰਚਾਇਆ ਜਾਵੇਗਾ। ਇਹ ਸੇਵਾ ਗੁਰੂ ਨਾਨਕ ਦੇਵ ਜੀ ਵਲੋਂ ਬਖਸ਼ੇ ਸਿਧਾਂਤ 'ਵੰਡ ਛਕੋ' ਅਤੇ 'ਘਾਲਿ ਖਾਇ ਕਿਛੁ ਹਥਹੁ ਦੇਇ' ਤੇ ਅਧਾਰਿਤ ਹੋਵੇਗੀ ।
ਉਨਾ ਅੱਗੇ ਦੱਸਿਆ ਕਿ ਸ਼ੁਰੂਆਤ ਵਿਚ ਇਹ ਸੇਵਾ ਨਵਾਂਸ਼ਹਿਰ ਅਤੇ ਇਸ ਦੇ ਨਾਲ ਲਗਦੇ 10-12 ਕਿਲੋਮੀਟਰ ਦੇ ਇਲਾਕਿਆਂ ਤੱਕ ਸੀਮਤ ਰਹੇਗੀ। ਲੋੜ ਮਹਿਸੂਸ ਹੋਣ ਤੇ ਇਸ ਦਾ ਦਾਇਰਾ ਵਧਾਉਣ ਦੇ ਯਤਨ ਵੀ ਕੀਤੇ ਜਾਣਗੇ ਅਤੇ ਇਸ ਸੇਵਾ ਨੂੰ ਇਲਾਕੇ ਦੀਆਂ ਸਮੂਹ ਧਾਰਮਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਸਹਿਯੋਗ ਨਾਲ ਅੱਗੇ ਵਧਾਇਆ ਜਾਵੇਗਾ। ਉਨਾ ਨੇ ਸਰੀਰਿਕ ਅਤੇ ਆਰਥਿਕ ਤੌਰ ਤੇ ਕਮਜੋਰ ਬਿਰਧ ਵਿਅਕਤੀਆਂ ਨੂੰ ਇਸ ਸੇਵਾ ਦੀ ਪ੍ਰਾਪਤੀ ਲਈ 62394 10177 ਅਤੇ 94178 92500 ਮੋਬਾਈਲ ਨੰਬਰਾਂ ਸੰਪਰਕ ਕਰਨ ਲਈ ਕਿਹਾ। ਛਾਣਬੀਣ ਕਰਨ ਉਪਰੰਤ ਯੋਗ ਪਾਏ ਗਏ ਵਿਅਕਤੀਆਂ ਦੀ ਟਿਫਨ ਸੇਵਾ ਬੁੱਧਵਾਰ ਤੋਂ ਅਰੰਭ ਕੀਤੀ ਜਾਵੇਗੀ।ਇਸ ਮੌਕੇ ਉਨਾ ਦੇ ਨਾਲ ਸੁਰਜੀਤ ਸਿੰਘ, ਜਗਜੀਤ ਸਿੰਘ, ਬਲਵੰਤ ਸਿੰਘ ਸੋਇਤਾ, ਜਗਦੀਪ ਸਿੰਘ, ਜਸਵਿੰਦਰ ਸਿੰਘ ਸੈਣੀ ਅਤੇ ਗੁਰਦੇਵ ਸਿੰਘ ਬੈਂਸ ਵੀ ਮੌਜੂਦ ਸਨ।
No comments:
Post a Comment