ਨਵਾਂਸ਼ਹਿਰ, 4 ਮਈ :(ਮਨਜਿੰਦਰ ਸਿੰਘ )
ਕੋਵਿਡ ਮਹਾਮਾਰੀ ਨੇ ਜਿਥੇ ਸਮਾਜ ਦੇ ਹਰੇਕ ਵਰਗ ਦੀ ਆਰਥਿਕਤਾ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ, ਉਥੇ ਸਿੱਖਿਆ ਹਾਸਲ ਕਰ ਰਹੇ ਬੱਚਿਆਂ ਦੇ ਮਾਪਿਆਂ ਨੂੰ ਵੀ ਵੱਡੀ ਚਿੰਤਾ ਵਿਚ ਪਾਇਆ ਹੋਇਆ ਹੈ। ਅਜਿਹੇ ਵਿਚ ਸਮਾਜ ਲਈ ਚਿੰਤਤ ਕੁਝ ਸੰਸਥਾਵਾਂ ਹੋਰਨਾਂ ਲਈ ਮਿਸਾਲ ਬਣਦਿਆਂ ਇਸ ਮਹਾਮਾਰੀ ਦੌਰਾਨ ਬੱਚਿਆਂ ਦੀ ਨਿਰਵਿਘਨ ਪੜਾਈ ਲਈ ਅੱਗੇ ਆਈਆਂ ਹਨ। ਇਨਾਂ ਵਿਚੋਂ ਹੀ ਨਵਾਂਸ਼ਹਿਰ ਦੀ ਵੱਕਾਰੀ ਸਿੱਖਿਆ ਸੰਸਥਾ ਰੈੱਡ ਰੋਜ਼ ਪਬਲਿਕ ਸਕੂਲ ਨੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਇਸ ਸਾਲ ਬੱਚਿਆਂ ਨੂੰ ਮੁਫ਼ਤ ਸਿੱਖਿਆ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ। ਸਕੂਲ ਦੀ ਡਾਇਰੈਕਟਰ ਸ੍ਰੀਮਤੀ ਰੀਮਾ ਅਰੋੜਾ ਨੇ ਦੱਸਿਆ ਕਿ ਉਨਾਂ ਵੱਲੋਂ ਆਪਣੇ ਮਾਤਾ-ਪਿਤਾ ਸ੍ਰੀਮਤੀ ਸਵਰਨ ਸਿੱਕਾ ਅਤੇ ਸ੍ਰੀ ਕਿਸ਼ਨ ਲਾਲ ਸਿੱਕਾ ਦੀ ਨਿੱਘੀ ਯਾਦ ਵਿਚ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਸਕੂਲ ਵਿਚ ਨਵੇਂ ਦਾਖ਼ਲ ਹੋਣ ਵਾਲੇ ਜਾਂ ਪਹਿਲਾਂ ਤੋਂ ਪੜ ਰਹੇ ਕਿਸੇ ਵੀ ਜਮਾਤ ਦੇ ਬੱਚੇ ਕੋਲੋਂ ਸੈਸ਼ਨ 2021-22 ਦੌਰਾਨ ਕੋਈ ਦਾਖ਼ਲਾ ਫੀਸ, ਕੋਈ ਮਾਸਿਕ ਫੀਸ ਅਤੇ ਕੋਈ ਵਾਧੂ ਚਾਰਜ ਨਹੀਂ ਲਏ ਜਾਣਗੇ ਅਤੇ ਉਨਾਂ ਨੂੰ ਬਿਲਕੁਲ ਮੁਫ਼ਤ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ। ਉਨਾਂ ਦੱਸਿਆ ਕਿ ਇਸ ਵੇਲੇ ਸਕੂਲ ਵੱਲੋਂ ਬੇਹੱਦ ਕਾਬਿਲ ਅਧਿਆਪਕਾਂ ਰਾਹੀਂ ਨਰਸਰੀ ਤੋਂ ਦਸਵੀਂ ਤੱਕ ਦੀ ਪੜਾਈ ਕਰਵਾਈ ਜਾ ਰਹੀ ਹੈ। ਉਨਾਂ ਕਿਹਾ ਕਿ ਇਹ ਫ਼ੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਕੋਵਿਡ ਕਾਰਨ ਬਹੁਤ ਸਾਰੇ ਮਾਪੇ ਪੈਸੇ ਦੀ ਕਮੀ ਕਾਰਨ ਆਪਣੇ ਬੱਚਿਆਂ ਨੂੰ ਸਿੱਖਿਆ ਦੇਣ ਤੋਂ ਅਸਮਰੱਥ ਹਨ। ਉਨਾਂ ਦੱਸਿਆ ਕਿ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਫਿਲਹਾਲ ਸਕੂਲ ਵੱਲੋਂ ਆਨਲਾਈਨ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਉਨਾਂ ਲੋਕਾ ਨੂੰ ਕਿਹਾ ਕਿ ਉਹ ਨਵਾਂਸ਼ਹਿਰ ਦੇ ਰੇਲਵੇ ਰੋਡ ’ਤੇ ਪੰਡੋਰਾ ਮੁਹੱਲਾ ਵਿਖੇ ਸਥਿਤ ਇਸ ਸਕੂਲ ਵਿਚ ਆਪਣੇ ਬੱਚਿਆਂ ਨੂੰ ਦਾਖ਼ਲ ਕਰਵਾ ਕੇ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ।
---
No comments:
Post a Comment