Sunday, May 29, 2022

ਸੇਵਾ ਸੁਸਾਇਟੀ ਬੰਗਾ ਵੱਲੋਂ ਸਿਹਤ ਜਾਗਰੂਕਤਾ ਕੈਂਪ ਲਗਾਇਆ :

ਕੈਂਪ ਮੌਕੇ ਮੁੱਖ ਮਹਿਮਾਨ ਆਪ ਆਗੂ ਬਲਦੇਵ ਸਿੰਘ ਚੇਤਾ ਦਾ ਸਨਮਾਨ ਕਰਦੇ ਹੋਏ ਪ੍ਰਧਾਨ ਬਲਦੀਸ਼ ਕੌਰ ਡਾ ਸਤਨਾਮ ਦਾਸ    ਗੁਲਸ਼ਨ ਕੁਮਾਰ ਸਤਨਾਮ ਸਿੰਘ ਬਾਲੋ ਅਤੇ ਹੋਰ ਮੈਂਬਰ  

ਬੰਗਾ 29,ਮਈ (ਮਨਜਿੰਦਰ ਸਿੰਘ) ਬੰਗਾ ਨੇਡ਼ੇ ਪਿੰਡ ਪੂਨੀਆ ਵਿਖੇ ਸੇਵਾ ਸੁਸਾਇਟੀ ਬੰਗਾ ਵੱਲੋਂ ਸੁਸਾਇਟੀ ਪ੍ਰਧਾਨ ਬੀਬੀ ਬਲਦੀਸ਼ ਕੌਰ ਦੀ ਅਗਵਾਈ ਵਿੱਚ ,ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਸਿਹਤ ਜਾਗਰੂਕਤਾ ਕੈਂਪ ਲਗਾਇਆ ਗਿਆ ¦ ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਬਲਦੇਵ ਸਿੰਘ ਚੇਤਾ ਨੇ ਬਲਦੀਸ਼ ਕੌਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਉਂਕਿ ਅਜੋਕੇ ਸਮੇਂ ਵਿੱਚ ਸਾਡਾ ਪਾਣੀ ਹਵਾ ਆਦਿ ਦੂਸ਼ਿਤ ਹੋ ਚੁੱਕੇ ਹਨ ਜਿਸ ਨੂੰ ਸੰਭਾਲਣ ਦੀ ਲੋੜ ਹੈ  ਅਤੇ ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਨਵੀਂਆਂ ਨਵੀਂਆਂ ਗੰਭੀਰ ਬੀਮਾਰੀਆਂ ਜਨਮ ਲੈ ਰਹੀਆਂ ਹਨ ਜਿਨ੍ਹਾਂ ਤੋਂ ਬਚਾਅ ਲਈ ਸਿਹਤ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਕਿਉਂ ਕਿ ਗੰਭੀਰ ਬਿਮਾਰੀਆਂ ਦੇ ਇਲਾਜ ਬਹੁਤ ਮਹਿੰਗੇ ਹੋ ਚੁੱਕੇ ਹਨ । ਉਨ੍ਹਾਂ ਡਾ ਸਤਨਾਮ ਦਾਸ ਵੱਲੋਂ ਸਿਹਤ ਪ੍ਰਤੀ ਜਾਗਰੂਕ ਕਰਦੇ ਹੋਏ ਬਿਮਾਰੀਆਂ ਤੋਂ ਬਚਾ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ । ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ ਡਾ ਸਤਨਾਮ ਦਾਸ ਨੇ ਸਿਹਤ ਜਾਗਰੂਕਤਾ ਦਾ ਸੰਦੇਸ਼ ਦੇਂਦੇ ਹੋਏ ਬਿਮਾਰੀਆਂ ਤੋਂ ਬਚਾ ਲਈ ਇਮਿਊਨਿਟੀ  ਬੂਸਟਰਾਂ ਬਾਰੇ ਜਾਣਕਾਰੀ ਦਿੱਤੀ । ਅੰਤ ਵਿੱਚ ਬੀਬੀ ਬਲਦੀਸ਼ ਕੌਰ ਅਤੇ ਸੇਵਾ ਸੋਸਾਇਟੀ ਦੀ ਟੀਮ ਵੱਲੋਂ ਮੁੱਖ ਮਹਿਮਾਨ ਬਲਦੇਵ ਸਿੰਘ ਚੇਤਾ ਦਾ ਇਕ ਬੂਟਾ ਦੇ ਕੇ ਸਨਮਾਨ ਅਤੇ ਧੰਨਵਾਦ ਕੀਤਾ ਗਿਆ ¦ ਇਸ ਮੌਕੇ ਸਮਾਜ ਸੇਵਕ ਗੁਲਸ਼ਨ ਕੁਮਾਰ ,ਸਤਨਾਮ ਸਿੰਘ ਬਾਲੋ ,ਸਰਪੰਚ ਰੇਸ਼ਮ ਸਿੰਘ ਸ਼ੰਮੀ ਕੁਮਾਰ ਪੰਚ' ਰਾਜ ਕੁਮਾਰ ,ਹਰੀ ਰਾਮ ,ਅਜੇ ਕੁਮਾਰ, ਅਵਤਾਰ ਚੰਦ, ਡਾ ਗੁਰਪ੍ਰੀਤ ਸਿੰਘ  ਅਤੇ ਪਿੰਡ ਨਿਵਾਸੀ ਹਾਜ਼ਰ ਸਨ ।ਸਟੇਜ ਸਕੱਤਰ ਦੀ ਭੂਮਿਕਾ ਰਘੁਬੀਰ ਸਿੰਘ ਵੱਲੋਂ ਬਹੁਤ ਸੁਚੱਜੇ ਢੰਗ ਨਾਲ  ਨਿਭਾਈ ਗਈ । 

Wednesday, May 25, 2022

ਚਿੱਟੇ ਦਿਨ ਪਿੰਡ ਸੱਲ੍ਹ ਕਲਾਂ ਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ :

ਗੋਲੀ ਮਾਰ ਕੇ ਕਤਲ ਕੀਤੇ ਅਮਰਜੀਤ ਸਿੰਘ ਦੀ ਮੌਕੇ ਤੇ ਮਿਲੀ ਲਾਸ਼ ਦੀ ਤਸਵੀਰ 

ਬੰਗਾ25, ਮਈ(ਮਨਜਿੰਦਰ ਸਿੰਘ) ਬੰਗਾ ਨੇੜੇ ਥਾਣਾ ਸਦਰ ਬੰਗਾ ਅਧੀਨ ਪੈਂਦੇ ਪਿੰਡ ਸੱਲ ਕਲਾਂ ਦੇ ਨੌਜਵਾਨ  ਦਾ ਪਿੰਡ ਦੇ ਨੇਡ਼ੇ ਕਤਲ ਹੋਣ ਦਾ ਸਮਾਚਾਰ ਮਿਲਿਆ ਹੈ ।ਡੀਐਸਪੀ ਸਬ ਡਵੀਜ਼ਨ ਬੰਗਾ ਸ੍ਰੀ ਗੁਰਪ੍ਰੀਤ ਸਿੰਘ ਮੌਕੇ ਤੇ ਪਹੁੰਚ ਕੇ ਜਾਣਕਾਰੀ ਦਿੰਦੇ ਹੋਏ  

ਪਿੰਡ ਦੇ ਸਰਪੰਚ ਸੁਖਦਿਆਲ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੇ  ਜਾਣਕਾਰੀ ਦਿੰਦਿਆਂ ਦੱਸਿਆ ਅਮਰਜੀਤ ਸਿੰਘ ਉਮਰ ਕਰੀਬ 30 ਸਾਲ ਜੋ ਕਿ ਵਿਆਹਿਆ ਹੋਇਆ ਸੀ  ਅਤੇ ਉਸ ਦੇ ਚਾਰ ਬੱਚੇ ਹਨ ਨੂੰ ਦਿਨ ਵੇਲੇ ਸਮਾਂ ਕਰੀਬ11ਵਜੇ ਦੋ ਅਣਪਛਾਤੇ ਵਿਅਕਤੀ ਮੋਟਰਸਾਈਕਲ ਤੇ ਬਿਠਾ ਕੇ ਲੈ ਗਏ ਅਤੇ ਕਰੀਬ ਅੱਧੇ ਘੰਟੇ ਬਾਅਦ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਅਮਰਜੀਤ ਦੀ ਲਾਸ਼ ਪਿੰਡ ਸੱਲਾਂ  ਤੋਂ ਬਾਲੋ ਰੋਡ ਤੇ ਪਈ ਹੈ ।
ਸਰਪੰਚ ਸੁਖਦਿਆਲ ਸਿੰਘ ਜਾਣਕਾਰੀ ਦਿੰਦੇ ਹੋਏ  

ਪਿੰਡ ਵਾਸੀਆਂ ਵੱਲੋਂ ਪੁਲੀਸ ਨੂੰ ਫੋਨ ਕਰਨ  ਉਪਰੰਤ ਥਾਣਾ ਸਦਰ ਬੰਗਾ ਦੇ ਐਸਐਚਓ ਰਾਜੀਵ ਕੁਮਾਰ  ਅਤੇ ਐਡੀਸ਼ਨਲ ਐਸਐਚਓ ਮਹਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਪਹੁੰਚ ਕੇ ਛਾਣਬੀਣ ਸ਼ੁਰੂ ਕੀਤੀ ਅਤੇ ਪਿੰਡ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਗਏ । ਡੀਐਸਪੀ ਸਬ ਡਿਵੀਜ਼ਨ ਬੰਗਾ ਗੁਰਪ੍ਰੀਤ ਸਿੰਘ ਨੇ ਮੌਕੇ ਤੇ ਪਹੁੰਚ ਕੇ ਦੱਸਿਆ ਕਿ ਕਤਲ ਕੀਤੇ ਗਏ ਵਿਅਕਤੀ ਅਮਰਜੀਤ ਸਿੰਘ ਪੁੱਤਰ ਗੁਰਮੀਤ ਸਿੰਘ ਦੀ ਛਾਤੀ ਵਿੱਚ ਗੋਲੀ ਲੱਗਣ ਕਾਰਨ ਮੌਤ ਹੋਈ ਹੈ । ਉਨ੍ਹਾਂ ਕਿਹਾ ਕਿ ਪੁਲੀਸ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਦੋਸ਼ੀ ਜਲਦੀ ਹੀ ਫੜੇ ਜਾਣਗੇ ।

Tuesday, May 24, 2022

ਦਿਲਾਵਰ ਸਿੰਘ ਦਾਵਰੀ ਦੀ ਅੰਤਮ ਅਰਦਾਸ ਹੋਈ :

ਸਵ: ਦਿਲਾਵਰ ਸਿੰਘ ਦਾਵਰੀ ਦੀ ਪੁਰਾਣੀ ਤਸਵੀਰ  
ਬੰਗਾ 24ਮਈ (ਮਨਜਿੰਦਰ ਸਿੰਘ)  ਦਿਲਾਵਰ ਸਿੰਘ ਦਾਵਰੀ ਪੁੱਤਰ ਸਰਵਣ ਸਿੰਘ ਜਿਨ੍ਹਾਂ ਦਾ ਦੇਹਾਂਤ  ਪਿਛਲੀ ਦਿਨੀਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਅਮਰੀਕਾ ਵਿੱਚ ਹੋ ਗਿਆ ਸੀ ਜਿਨ੍ਹਾਂ ਦੀਆਂ ਹਸਤੀਆਂ ਉਨ੍ਹਾਂ ਦੀ ਧਰਮ ਪਤਨੀ ਸੁਖਵਿੰਦਰ ਕੌਰ ਰਾਣੀ ਅਤੇ ਬੇਟੀ ਮਨਜੀਤ ਕੌਰ ਮੈਰੀ ਵਿਦੇਸ਼ ਤੋਂ ਲੈ ਕੇ ਆਏ ਸਨ ,ਉਨ੍ਹਾਂ ਦੀ ਅੰਤਮ ਅਰਦਾਸ ਉਨ੍ਹਾਂ ਦੇ ਜੱਦੀ ਪਿੰਡ ਕਾਹਮਾ ਵਿਖੇ ਹੋਈ । ਵਰਨਣਯੋਗ ਹੈ ਕਿ ਦਿਲਾਵਰ ਸਿੰਘ ਦਾਵਰੀ ਜਿਨ੍ਹਾਂ ਨੇ ਆਪਣੀ ਸਕੂਲੀ ਵਿਦਿਆ ਸਰਕਾਰੀ ਸਕੂਲ ਕਾਹਮਾ ਤੋਂ ਪ੍ਰਾਪਤ ਕਰਨ ਉਪਰੰਤ ਸਿੱਖ ਨੈਸ਼ਨਲ ਕਾਲਜ ਬੰਗਾ ਵਿੱਚ ਆਪਣੀ ਉਚੇਰੀ ਵਿੱਦਿਆ ਦੌਰਾਨ ਫੁਟਬਾਲ ਦੀ ਖੇਡ ਖੇਡਦਿਆਂ ਕਾਲਜ ਅਤੇ ਆਪਣੇ ਇਲਾਕੇ ਦਾ ਨਾਮ ਮਸ਼ਹੂਰ ਕੀਤਾ । ਇਸ ਮੌਕੇ ਇਲਾਕੇ ਦੇ ਪਤਵੰਤੇ ਸੱਜਣਾਂ ਨੇ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ  ਦਿਲਾਵਰ ਇੱਕ ਬਹੁਤ ਹੀ ਮਿੱਠ ਬੋਲੜਾ ਅਤੇ ਸਮਾਜ ਦੀ ਸੇਵਾ ਕਰਨ ਵਾਲਾ ਇਨਸਾਨ ਸੀ।ਇਸ ਮੌਕੇ ਸਰਬਜੀਤ ਸਿੰਘ ਮੰਗੂਵਾਲ ਨੇ ਇਕਬਾਲ ਸਿੰਘ ਜੱਬੋਵਾਲ ਦਾ ਅਮਰੀਕਾ ਤੋਂ ਭੇਜਿਆ ਗਿਆ ਸੋਗ ਸੰਦੇਸ਼ ਪੜ੍ਹਿਆ ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਨਾਮ ਸਿੰਘ ਬਾਲੋ ,ਮਨਜਿੰਦਰ ਸਿੰਘ ਬੰਗਾ ,ਗੁਲਸ਼ਨ ਕੁਮਾਰ ਬੰਗਾ ਆਦਿ ਹਾਜ਼ਰ ਸਨ । 

Monday, May 23, 2022

ਔਰਤਾਂ ਲਈ ਕੈਂਸਰ ਡਿਟੈਕਸ਼ਨ ਕੈਂਪ ਕੱਲ੍ਹ 24 ਮਈ ਨੂੰ-- ਮੈਡਮ ਨੀਨਾ ,ਬਾਗੀ

  ਕੈਂਸਰ ਡਿਟੈਕਸ਼ਨ ਕੈਂਪ ਮੌਕੇ ਮੈਡੀਕਲ ਇਕਿਉਪਮੈਂਟਸ ਨਾਲ ਲੈਸ ਪਹੁੰਚ ਰਹੀ ਵੈਨ  

ਬੰਗਾ23' ਮਈ (ਮਨਜਿੰਦਰ ਸਿੰਘ )ਰੋਟਰੀ ਕੱਲਬ ਬੰਗਾ ਅਤੇ ਇਨਰਵੀਲ ਕੱਲਬ ਬੰਗਾ ਵਲੋਂ 40 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਲਈ  24 ਮਈ ਦਿਨ ਮੰਗਲਵਾਰ ਠੀਕ ਸਵੇਰੇ 8 ਵਜੇ ਕੈਂਸਰ ਡਿਟੇਕਸ਼ਨ ਕੈੰਪ ਡੇਰਿਕ ਇੰਟਰਨੈਸ਼ਨਲ ਸਕੂਲ , ਮੁਕੰਦਪੁਰ ਰੋਡ, ਬੰਗਾ ਵਿਖੇ ਲਗਾਇਆ ਜਾ ਰਿਹਾ ਹੈ। 40 ਸਾਲ ਤੋਂ ਉਪਰ ਮਹਿਲਾਵਾਂ ਦੀ ਇਸ ਕੈਂਪ ਵਿਚ ਮੈਮੋਗ੍ਰਾਫੀ ਕੀਤੀ ਜਾਵੇਗੀ। ਜੋ ਕੇ ਬਿਲਕੁਲ ਮੁਫ਼ਤ ਹੋਵੇਗੀ।ਇਹ ਜਾਣਕਾਰੀ ਰੋਟਰੀ ਕੱਲਬ ਦੇ ਪ੍ਰਧਾਨ ਰੋਟਰੀਅਨ ਦਿਲਬਾਗ ਸਿੰਘ ਬਾਗੀ ਅਤੇ ਡੇਰਿਕ ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਮੈਡਮ ਨੀਨਾ ਭਾਰਦਵਾਜ  ਵਲੋਂ ਸਾਂਝੇ ਤੌਰ ਦੇਂਦਿਆਂ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ  ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਨੂੰ ਸ਼ੁਰੂ ਤੋਂ ਹੀ ਪਹਿਚਾਨਣ ਲਈ ਇਨ੍ਹਾਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਓ। ਜਲੰਧਰ ਤੋਂ ਵਿਸ਼ੇਸ਼ ਡਾਕਟਰਾਂ ਦੀ ਟੀਮ ਸਾਰੇ ਮੈਡੀਕਲ ਇਕਿਉਪਮੈਂਟਸ ਨਾਲ ਲੈਸ ਬੱਸ ਸਮੇਤ ਇਸ ਕੈੰਪ ਵਿਚ ਪਹੁੰਚੇਗੀ। ਇਸ ਮੌਕੇ ਮੁੱਖ ਮਹਿਮਾਨ ਐਸ ਡੀ ਐਮ ਮੈਡਮ ਨਵਨੀਤ ਕੌਰ ਬੱਲ ਅਤੇ ਵਿਸ਼ੇਸ਼ ਮਹਿਮਾਨ ਡੀ ਐੱਸ ਪੀ ਗੁਰਪ੍ਰੀਤ ਸਿੰਘ ਹੋਣਗੇ। ਉਨ੍ਹਾਂ ਕਿਹਾ ਕਿ  ਟੈਸਟ ਕਰਵਾਉਣ ਲਈ ਨੂੰ ਡੇਰਿਕ ਇੰਟਰਨੈਸ਼ਨਲ ਸਕੂਲ ਦੀ ਰਿਸੇਪਸ਼ਨ ਤੇ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ 8847247524 ਨੰਬਰ ਤੇ ਸੰਪਰਕ ਕਰ ਸਕਦੇ ਹੋ।

Thursday, May 19, 2022

ਮਾਨ ਸਰਕਾਰ ਵੱਲੋਂ ਅੰਨ ਦਾਤੇ ਦਾ ਹਮਦਰਦ ਹੋਣ ਦਾ ਦਿੱਤਾ ਸਬੂਤ - ਚੇਤਾ

ਆਮ ਆਦਮੀ ਪਾਰਟੀ ਹਲਕਾ ਬੰਗਾ ਦੇ ਸੀਨੀਅਰ ਆਗੂ ਬਲਦੇਵ ਸਿੰਘ ਚੇਤਾ  

ਬੰਗਾ19, ਮਈ(ਮਨਜਿੰਦਰ ਸਿੰਘ) ਪਿਛਲੇ ਦਿਨ ਆਪਣੀਆਂ ਮੰਗਾਂ ਮਨਵਾਉਣ ਲਈ ਮੁਹਾਲੀ ਵਿਖੇ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਮੁਲਾਕਾਤ ਕਰਕੇ ਕਿਸਾਨਾਂ ਦੀਆਂ ਮੰਗਾਂ ਨੂੰ ਸਮਝਦੇ ਹੋਏ ਉਨ੍ਹਾਂ ਦੀਆਂ ਮੰਗਾਂ ਮੰਨ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ  ਵਲੋਂ ਸਬੂਤ ਦਿੱਤਾ ਗਿਆ ਹੈ ਕਿ ਉਨ੍ਹਾਂ ਦੀ ਸਰਕਾਰ ਕਿਸਾਨਾਂ ਦੀ ਸਰਕਾਰ ਹੈ ਤੇ ਅੰਨਦਾਤੇ ਨੂੰ ਬਣਦਾ ਹੱਕ ਦੇਣ ਲਈ ਵਚਨਬੱਧ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੱਕ ਵਾਰਤਾ  ਦੌਰਾਨ ਬੰਗਾ ਹਲਕੇ ਦੇ ਸੀਨੀਅਰ ਆਪ ਆਗੂ ਬਲਦੇਵ ਸਿੰਘ ਚੇਤਾ ਨੇ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਬਿਨਾਂ ਕਿਸੇ ਦੇਰੀ ਕੀਤਿਆਂ ਮੰਨਦੇ ਹੋਏ ਕਿਸਾਨਾਂ ਦੇ ਸੰਘਰਸ਼ ਕਰ ਰਹੇ ਮੋਰਚੇ ਨੂੰ ਕਿਸਾਨ ਆਗੂਆਂ ਦੀ ਸਹਿਮਤੀ ਨਾਲ ਚੁਕਵਾਉਣਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਹੁਤ ਹੀ ਸ਼ਲਾਘਾਯੋਗ ਫ਼ੈਸਲਾ ਹੈ । ਉਨ੍ਹਾਂ ਕਿਹਾ ਕਿ ਛੋਟੇ ਕਿਸਾਨ ਜਿਨ੍ਹਾਂ  ਪੰਚਾਇਤੀ ਜ਼ਮੀਨਾਂ ਨੂੰ ਅਬਾਦ ਕੀਤਾ ਅਤੇ ਉਸ ਜ਼ਮੀਨ ਤੇ ਵਾਹੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਹਨ ਤੋਂ ਪੰਚਾਇਤੀ ਜ਼ਮੀਨਾਂ ਨਾ ਛੁਡਵਾਉਣ ਦਾ ਪੰਜਾਬ ਸਰਕਾਰ ਦਾ ਫ਼ੈਸਲਾ ਵੀ ਪ੍ਰਸੰਸਾਯੋਗ ਹੈ । ਇਸ ਮੌਕੇ ਚਮਨ ਲਾਲ ਸੂੰਢ ,ਸੁਰਿੰਦਰ ਸ਼ਰਮਾ ਸੰਧਵਾਂ ,ਹਰਜੀਤ ਬਾਲੋ ,ਡਾ ਸੁਰਜੀਤ ਕੁਮਾਰ ਚੇਤਾ ਆਦਿ ਹਾਜ਼ਰ ਸਨ । 

Sunday, May 8, 2022

ਕੁਲਜੀਤ ਸਰਹਾਲ ਵੱਲੋਂ ਗੜ੍ਹਸ਼ੰਕਰ ਚੌਕ ਤੋ ਪੱਲੀਆਂ ਤਕ ਸੜਕ ਬਣਾਉਣ ਦਾ ਕੀਤਾ ਉਦਘਾਟਨ:

ਬੰਗਾ ਹਲਕਾ ਦੇ ਇੰਚਾਰਜ ਕੁਲਜੀਤ ਸਿੰਘ ਸਰਹਾਲ ਸਾਥੀਆਂ ਸਮੇਤ ਬੰਗਾ ਸ਼ਹਿਰ ਦੇ ਗੜ੍ਹਸ਼ੰਕਰ ਚੌਕ ਤੋ ਪਿੰਡ ਪੱਲੀਆਂ ਤਕ ਗੜ੍ਹਸ਼ੰਕਰ ਰੋਡ ਦਾ ਉਦਘਾਟਨ ਕਰਦੇ ਹੋਏ   

ਬੰਗਾ, 8ਮਈ (ਮਨਜਿੰਦਰ ਸਿੰਘ) ਆਮ ਆਦਮੀ ਪਾਰਟੀ    ਦੇ ਬੰਗਾ ਹਲਕਾ ਦੇ ਇੰਚਾਰਜ ਕੁਲਜੀਤ ਸਿੰਘ ਸਰਹਾਲ ਵੱਲੋਂ ਅੱਜ ਬੰਗਾ ਸ਼ਹਿਰ ਦੇ ਗੜ੍ਹਸ਼ੰਕਰ ਚੌਕ ਤੋ ਪਿੰਡ ਪੱਲੀਆਂ ਤਕ ਗੜ੍ਹਸ਼ੰਕਰ ਰੋਡ ਨੂੰ ਬਣਾਉਣ ਦੀ ਸ਼ੁਰੂਆਤ ਕਰਾਉਂਦੇ ਹੋਏ ਉਦਘਾਟਨ ਕੀਤਾ ।ਉਨ੍ਹਾਂ ਇਸ ਮੌਕੇ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਪੁਰਾਣੀ ਲਟਕਦੀ ਮੰਗ ਨੂੰ ਪੂਰਾ ਕਰਦਿਆਂ ਹੋਇਆ ਬੰਗਾ ਹਲਕੇ ਵਿੱਚ ਪੈਂਦੀ ਬੰਗਾ ਤੋਂ ਪੱਲੀਆਂ ਤਕ ਗੜ੍ਹਸ਼ੰਕਰ ਸੜਕ ਜੋ ਕਿ 9.5 ਕਿਲੋਮੀਟਰ ਬਣਦੀ ਹੈ ਦੀ ਅੱਜ ਸ਼ੁਰੂਆਤ ਕਰਾਈ ਗਈ ਹੈ। ਜਿਸ ਨੂੰ ਜਲਦੀ ਹੀ ਮੁਕੰਮਲ ਕਰਾ ਦਿੱਤਾ ਜਾਵੇਗਾ ।ਉਨ੍ਹਾਂ ਦੱਸਿਆ ਕਿ ਇਸ ਸੜਕ ਤੇ ਕਰੀਬ 9.5 ਕਰੋੜ ਰੁਪਏ ਪੰਜਾਬ ਸਰਕਾਰ ਵੱਲੋਂ ਖਰਚ ਕੀਤੇ ਜਾ ਰਹੇ ਹਨ¦ ਉਨ੍ਹਾਂ ਕਿਹਾ ਕਿ ਕਿਉਂਕਿ ਇਹ ਸੜਕ ਧਾਰਮਿਕ ਸਥਾਨਾਂ ਸ੍ਰੀ ਆਨੰਦਪੁਰ ਸਾਹਿਬ ਬਾਬਾ ਬਾਲਕ ਨਾਥ , ਪੀਰ ਨਿਗਾਹਾਂ ਅਤੇ ਹੋਰ ਧਾਰਮਿਕ ਸਥਾਨਾਂ ਨੂੰ ਜਾਂਦੀ ਹੈ ਇਸ ਲਈ ਜਲਦ ਹੀ ਪੰਜਾਬ ਸਰਕਾਰ ਵੱਲੋਂ ਇਸ ਸੜਕ ਨੂੰ ਆਨੰਦਪੁਰ ਸਾਹਿਬ ਤੱਕ ਮੁਕੰਮਲ ਕਰਾ ਦਿੱਤਾ ਜਾਵੇਗਾ ।ਇਸ ਮੌਕੇ ਬਲਬੀਰ ਕਰਨਾਣਾ ਜ਼ਿਲਾ ਪ੍ਰਧਾਨ ਐੱਸ ਸੀ ਸੈੱਲ ਆਪ  ਸਾਗਰ ਅਰੋੜਾ ਪ੍ਰਧਾਨ ਵਿਉਪਾਰ ਮੰਡਲ ਆਪ  ,ਮੀਨੂ  ਅਰੋੜਾ ਐਮ ਸੀ, ਸਰਬਜੀਤ ਸਾਬੀ ਐਮਸੀ, ਸੁਰਿੰਦਰ ਘਈ ਐਮਸੀ, ਨਰਿੰਦਰ ਰੱਤੂ ਐਮ ਸੀ ,ਅਮਰਦੀਪ ਸਿੰਘ ਬੰਗਾ, ਇੰਦਰਜੀਤ ਮਾਨ,ਕੁਲਬੀਰ ਪਾਬਲਾ ਬਲਬੀਰ ਪਾਬਲਾ ਮਨਜੀਤ ਰਾਏ ਪਲਵਿੰਦਰ ਸਿੰਘ ਹਰਦੀਪ ਸਿੰਘ ਦੀਪਾ ਸਤਨਾਮ ਸਿੰਘ ਖਟਕੜ ਆਦਿ ਹਾਜ਼ਰ ਸਨ ।

ਪਿੰਡ ਚੱਕ ਗੁਰੂ ਦਾ ਗੌਰਵ ਪੰਜਵੀਂ ਜਮਾਤ ਦੇ ਨਤੀਜੇ ਵਿੱਚ ਸਕੂਲ ਵਿੱਚੋਂ ਰਿਹਾ ਅੱਵਲ :

98 ਪ੍ਰਤੀਸ਼ਤ ਨੰਬਰ ਲੈ ਕੇ ਚਿਲਡਰਨ ਪਬਲਿਕ ਸਕੂਲ ਜੱਸੋ ਮਜਾਰਾ  ਵਿੱਚੋਂ ਫਸਟ ਆਇਆ ਹੋਣਹਾਰ ਵਿਦਿਆਰਥੀ ਗੌਰਵ

ਬੰਗਾ 8 ,ਮਈ (ਮਨਜਿੰਦਰ ਸਿੰਘ)  ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਪੰਜਵੀਂ ਜਮਾਤ ਦੇ ਨਤੀਜੇ ਵਿੱਚੋਂ ਚਿਲਡਰਨ ਪਬਲਿਕ ਸਕੂਲ ਜੱਸੋ ਮਜਾਰਾ ਦਾ ਨਤੀਜਾ ਸੌ ਫੀਸਦੀ ਰਿਹਾ । ਸਕੂਲ ਪ੍ਰਿੰਸੀਪਲ ਸੁਖਦੇਵ ਸਿੰਘ ਰਾਣੂ ਨੇ ਦੱਸਿਆ ਕਿ ਪਿੰਡ ਚੱਕ ਗੁਰੂ ਦੇ ਵਿਦਿਆਰਥੀ ਗੌਰਵ ਜੋ ਕਿ ਸੀਨੀਅਰ ਕਾਂਗਰਸ ਆਗੂ ਜੋਗ ਰਾਜ ਜੋਗੀ ਨਿਮਾਣਾ ਦਾ ਪੁੱਤਰ ਅਤੇ ਹਲਕੇ ਦੇ ਸੀਨੀਅਰ ਆਗੂ ਰਹੇ ਸਵ: ਪਾਖਰ ਸਿੰਘ ਨਿਮਾਣਾ ਦਾ ਪੋਤਰਾ ਹੈ  ਨੇ  98 ਪ੍ਰਤੀਸ਼ਤ ਨੰਬਰ ਲੈ ਕੇ ਸਕੂਲ ਵਿੱਚੋਂ ਅੱਵਲ ਆ ਕੇ ਮਾਤਾ ਪਿਤਾ, ਪਿੰਡ ਅਤੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ ।ਪ੍ਰਿੰਸੀਪਲ ਨੇ ਦੱਸਿਆ ਕਿ ਸਕੂਲ ਦੇ  ਕੁੱਲ 25,ਵਿਦਿਆਰਥੀਆਂ ਨੇ ਪੇਪਰ ਦਿੱਤੇ ਤੇ ਸਾਰੇ ਬੱਚੇ 90 ਫ਼ੀਸਦੀ ਤੋਂ ਉੱਪਰ ਅੰਕ ਲੈ ਕੇ ਪਾਸ ਹੋਏ ਹਨ¦ ਪ੍ਰਿੰਸੀਪਲ ਰਾਣੂ ਨੇ ਚੰਗੇ ਨਤੀਜੇ ਦਾ ਸਿਹਰਾ ਮਿਹਨਤੀ ਸਟਾਫ ਮਾਤਾ ਪਿਤਾ ਅਤੇ ਬੱਚਿਆਂ ਨੂੰ ਦਿੱਤਾ । ਇਸ ਮੌਕੇ ਮੈਡਮ ਬਲਜੀਤ ਕੌਰ 'ਮੈਡਮ ਸੁਨੀਤਾ, ਨਿਸ਼ਾ ਜੱਸੋਮਜਾਰਾ' ਜੋਤੀ ਭਰੋਮਜਾਰਾ, ਮੋਨਿਕਾ ਸੰਧੂ ,ਅਮਨਦੀਪ ਕੌਰ ਮੇਹਲੀ ,ਸੁਖਵੀਰ ਕੌਰ ,ਅੰਜਲੀ ,ਕਾਜਲ ,ਪ੍ਰਿਅੰਕਾ ਬੁਰਜ ਕੰਧਾਰੀ ,ਤਰਨਜੀਤ ਕੌਰ ,ਕਮਲਜੀਤ ਕੌਰ ਹਰਮਲਾ, ਰੇਖਾ ,ਮਨਮੀਤ ਸਿੰਘ ਆਦਿ ਹਾਜ਼ਰ ਸਨ । 
ਕੈਪਸ਼ਨ ਫੋਟੋ :

Thursday, May 5, 2022

220 ਕੇ ਵੀ ਸਬ ਸਟੇਸ਼ਨ ਬੰਗਾ ਦੇ ਕੁੱਝ ਇਲਾਕਿਆਂ ਦੀ ਬਿਜਲੀ ਬੰਦ ਰਹੇਗੀ- ਇੰਜੀ: ਸਿੰਗਲਾ

ਇੰਜੀ: ਅਸ਼ੀਸ਼ ਸਿੰਗਲਾ ਉਪ ਮੰਡਲ ਅਫਸਰ ਪਾਵਰਕਾਮ ਸ਼ਹਿਰੀ ਬੰਗਾ  

ਬੰਗਾ  5, ਮਈ (ਮਨਜਿੰਦਰ ਸਿੰਘ)  ਉਪ ਮੰਡਲ ਅਫ਼ਸਰ ਪਾਵਰਕੌਮ ਸ਼ਹਿਰੀ ਬੰਗਾ  ਇੰਜੀਨੀਅਰ ਅਸ਼ੀਸ਼ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  220 ਕੇ ਵੀ  ਸਬ ਸਟੇਸ਼ਨ ਬੰਗਾ  ਤੋਂ ਚੱਲਦੇ  11 ਕੇ ਵੀ ਬਸ ਬਾਰ  -1 (ਟੀ -1) ਦੀ ਜ਼ਰੂਰੀ ਮੁਰੰਮਤ ਕਰਨ ਕਾਰਨ ਬਿਜਲੀ ਸਪਲਾਈ ਮਿਤੀ  7.5.2022 ਨੂੰ ਸਵੇਰ 10 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਬੰਦ ਰਹੇਗੀ ¦ ਜਿਸ ਕਾਰਨ 11 ਕੇਵੀ ਜੀ ਐਨ ਹਸਪਤਾਲ ਫੀਡਰ 11 ਕੇ ਵੀ ਸੋਲਰ ਪਲਾਂਟ, ਫੀਡਰ 11 ਕੇ ਵੀ ਯੂ ਪੀ ਐੱਸ ਨੰਬਰ 2 ਗੋਸਲਾਂ, ਫੀਡਰ 11 ਕੇ ਵੀ  ਜੀ ਐੱਨ ਮਿਲ, ਫੀਡਰ 11 ਕੇ ਵੀ ਸ਼ਹਿਰੀ ਨੰਬਰ 1 ਫ਼ਗਵਾੜਾ ਰੋਡ, ਫੀਡਰ 1 1ਕੇ ਵੀ ਪੂਨੀਆ, ਏਪੀ ਫੀਡਰ  11 ਕੇ ਵੀ  ਢਾਹਾਂ, ਏ ਪੀ  ਫੀਡਰ 11 ਕੇ ਵੀ ਭੂਖੜੀ, ਏਪੀ ਫੀਡਰ 11 ਕੇ ਵੀ ਉੱਚਾ, ਏਪੀ ਫੀਡਰ 11 ਕੇਵੀ ਸੱਲਾ ਏਪੀ ਫੀਡਰ  11 ਕੇਵੀ ਗੋਬਿੰਦਪੁਰ ਏਪੀ ਫੀਡਰ  11 ਕੇ ਵੀ ਕਾਹਮਾ ਏਪੀ ਫੀਡਰ ਗਿਆਰਾਂ ਕੇ ਵੀ ਮਾਹਿਲ ਗਹਿਲਾਂ ਏਪੀ ਫੀਡਰ  ਦੀ ਸਪਲਾਈ ਪ੍ਰਭਾਵਿਤ ਹੋਵੇਗੀ ।

Sunday, May 1, 2022

ਰੋਟਰੀ ਕਲੱਬ ਬੰਗਾ ਦੀ ਜਨਰਲ ਬਾਡੀ ਮੀਟਿੰਗ ਹੋਈ ;

ਬੰਗਾ 1,ਮਈ (ਮਨਜਿੰਦਰ ਸਿੰਘ)
ਰੋਟਰੀ ਕਲੱਬ ਬੰਗਾ ਦੀ ਜਰਨਲ ਬਾਡੀ ਮੀਟਿੰਗ, ਰੋਟੇ. ਦਿਲਬਾਗ ਸਿੰਘ ਬਾਗੀ, ਪ੍ਰਧਾਨ ਰੋਟਰੀ ਕਲੱਬ ਬੰਗਾ ਦੀ ਅਗਵਾਈ ਹੇਠ ਸਥਾਨਕ ਰੈਸਟੋਰੈਂਟ ਵਿਚ ਹੋਈ |  ਇਸ ਮੀਟਿੰਗ ਵਿਚ ਅਪ੍ਰੈਲ ਮਹੀਨੇ ਵਿਚ ਕੀਤੇ ਹੋਏ ਪ੍ਰੋਜੈਕਟਾਂ ਦੀ ਪੜਚੋਲ ਕੀਤੀ ਗਈ ਅਤੇ ਮਈ ਮਹੀਨੇ ਵਿਚ ਹੋਣ ਵਾਲੇ ਪ੍ਰੋਜੈਕਟਾਂ ਦੀ ਰੂਪ ਰੇਖਾ ਤਿਆਰ ਕੀਤੀ ਗਈ, ਜਿਸ ਦਾ ਵੇਰਵਾ   ਇਸ ਪ੍ਰਕਾਰ ਹੈ,  ਮੁਕੰਦਪੁਰ ਕਾਲਜ ਵਿਚ ਰੁੱਖ ਲਗਾਏ ਜਾਣਗੇ ਅਤੇ ਡੇਰਿਕ ਸਕੂਲ ਵਿਚ ਮਦਰਸ ਡੇ ਦੇ ਸੰਬੰਧ ਵਿਚ ਪ੍ਰੋਗਰਾਮ ਕੀਤਾ ਜਾਵੇਗਾ | ਇਸ ਤੋਂ ਇਲਾਵਾ ਸਰਕਾਰੀ ਸਕੂਲ ਗੁਣਾਚੌਰ ਵਿਚ ਚਰਿਤਰ ਨਿਰਮਾਣ ਤੇ ਸੈਮੀਨਾਰ ਕੀਤਾ ਜਾਵੇਗਾ ਅਤੇ ਸਾਰੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਜਾਵੇਗੀ  | 31 ਮਈ ਨੂੰ ਲੇਬਰ ਚੌਕ ਬੰਗਾ ਵਿਚ ਐਂਟੀ ਤੰਬਾਕੂ ਦਿਵਸ ਮਨਾਇਆ ਜਾਵੇਗਾ | ਮੀਟਿੰਗ ਵਿਚ ਗਵਰਨਰ ਦਾ ਆਫੀਸ਼ੀਅਲ ਵਿਜਿਟ ਮਈ ਮਹੀਨੇ ਵਿਚ ਕਰਵਾਏ ਜਾਣ ਤੇ ਸਹਿਮਤੀ ਬਣੀ |  ਰੋਟਰੀ ਭਵਨ ਲਈ ਖਰੀਦੀ ਗਈ ਜਮੀਨ ਵਿਚ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਾਰਨ ਲਈ ਰੋਟੇ. ਮਨਧੀਰ ਸਿੰਘ ਚੱਠਾ ਦੀ ਅਗਵਾਈ ਵਿਚ ਕਮੇਟੀ ਬਣਾਈ ਗਈ |  ਇਸ ਮੌਕੇ ਮੁੱਖ ਮਹਿਮਾਨ ਸੁੱਚਾ ਸਿੰਘ ਮਾਨ ਵਲੋਂ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਵਿਚ ਵਿਚਾਰ ਸਾਂਝੇ ਕੀਤੇ ਗਏ ਅਤੇ ਭਵਿੱਖ ਵਿਚ ਕਲੱਬ ਦੇ ਪ੍ਰੋਜੈਕਟਾਂ ਵਿਚ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ |  ਸਟੇਜ ਸਕੱਤਰ ਦੀ ਜਿੰਮੇਵਾਰੀ ਰੋਟੇ. ਭੁਪੇਸ਼ ਕੁਮਾਰ ਵਲੋਂ ਨਿਭਾਈ ਗਈ | ਇਸ ਮੌਕੇ ਰੋਟੇ. ਪ੍ਰਿਸੀਪਲ ਗੁਰਜੰਟ ਸਿੰਘ, ਰੋਟੇ. ਪ੍ਰਵੀਨ ਕੁਮਾਰ, ਰੋਟੇ. ਸੁਰਿੰਦਰ ਪਾਲ, ਰੋਟੇ. ਰਾਜ ਕੁਮਾਰ, ਰੋਟੇ. ਹਰਸ਼ ਕੁਮਾਰ, ਰੋਟੇ. ਸੁਰਿੰਦਰ ਸਿੰਘ ਢੀਂਡਸਾ, ਰੋਟੇ. ਸੇਠੀ ਉਦੋਵਾਲ, ਰੋਟੇ. ਅਨਿਲ ਕਟਾਰੀਆ, ਰੋਟੇ. ਸਰਨਜੀਤ ਸਿੰਘ, ਰੋਟੇ. ਕਿੰਗ ਭਾਰਗਵ, ਰੋਟੇ. ਹਰਮਿੰਦਰ ਸਿੰਘ ਲੱਕੀ, ਰੋਟੇ. ਦਵਿੰਦਰ ਕੁਮਾਰ, ਰੋਟੇ. ਭੁਪਿੰਦਰ ਸਿੰਘ, ਰੋਟੇ. ਬਲਵਿੰਦਰ ਸਿੰਘ ਪਾਂਧੀ, ਰੋਟੇ. ਮਾਸਟਰ ਸੁਰਜੀਤ ਸਿੰਘ ਬੀਸਲਾ, ਰੋਟੇ. ਰਾਜ ਭੰਮਰਾ, ਰੋਟੇ. ਨਿਤਨ ਦੁੱਗਲ, ਰੋਟੇ. ਪਰਮਜੀਤ ਸਿੰਘ ਭੋਗਲ ਅਤੇ ਹਰਜਿੰਦਰ ਸਿੰਘ ਨੇ ਵੀ ਆਪੋ ਆਪਣੇ ਵਿਚਾਰ ਸਾਂਝੇ ਕੀਤੇ |

ਦੁਸਾਂਝ ਖੁਰਦ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ***50 ਯੂਨਿਟ ਖੂਨ ਇਕੱਠਾ ਕੀਤਾ ਗਿਆ**

ਬੰਗਾ 1, ਮਈ (ਮਨਜਿੰਦਰ ਸਿੰਘ):- ਗਰੀਬਾਂ ਦੇ ਮਸੀਹਾ ਅਤੇ ਸੰਵਿਧਾਨ ਨਿਰਮਾਤਾ ਡਾ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਡਾ ਅੰਬੇਦਕਰ ਵੈਲਫੇਅਰ ਸੁਸਾਇਟੀ(ਰਜਿ:) ਦੁਸਾਂਝ ਖੁਰਦ ਵਲੋ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਸਿਵਲ ਹਸਪਤਾਲ ਬੰਗਾ ਦੇ ਐਸ ਐਮ ਓ ਬਲਵੀਰ ਕੁਮਾਰ ਦੀ ਯੋਗ ਅਗਵਾਈ ਵਿੱਚ ਆਈ ਟੀਮ ਨੇ 50 ਤੋਂ ਵੱਧ ਡੋਨਰਾਂ ਤੋਂ ਖੂਨ ਇਕੱਤਰ ਕੀਤਾ । ਕੈਂਪ ਦਾ ਉਦਘਾਟਨ ਸੁਸਾਇਟੀ ਦੇ ਪ੍ਰਧਾਨ ਸਾਈਂ ਸੋਮੇ ਸ਼ਾਹ ਜੀ , ਪਰਮਿੰਦਰ ਕੁਮਾਰ ਸੁਮਨ ਸਾਬਕਾ ਸਰਪੰਚ ਅਤੇ ਲਖਵੀਰ ਸਿੰਘ ਨੇ ਸਾਂਝੇ ਤੌਰ ਤੇ ਰਿਬਨ ਕੱਟ ਕੇ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਖੂਨਦਾਨ ਮਹਾਂਦਾਨ ਹੈ । ਇਸ ਕਰਕੇ ਨੌਜਵਾਨ ਪੀੜ੍ਹੀ ਨੂੰ ਅੱਗੇ ਆਕੇ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ। ਇਸ ਮੌਕੇ ਖੂਨਦਾਨੀਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਮੁਲਾਜ਼ਮ ਆਗੂ ਗੁਰਦਿਆਲ ਸਿੰਘ ਦੁਸਾਂਝ , ਪੰਚ ਲਖਵੀਰ ਸਿੰਘ , ਹਰਨੇਕ ਸਿੰਘ , ਵਿਜੇ ਕੁਮਾਰ , ਰਮਨ ਸੂਦ , ਸੋਨੂੰ ਸੂਦ , ਹਨੀਸ਼ ਸੁਮਨ , ਬੀ ਟੀ ਓ ਤਜਿੰਦਰ ਪਾਲ ਸਿੰਘ , ਸ਼ਿਵਾਨੀ ਟੈਕਨੀਕਲ ਸੁਪਰਵਾਈਜ਼ਰ ਅਤੇ ਸੋਨੀ ਲਲਿਤਾ ਆਦਿ ਵੀ ਹਾਜਰ ਸਨ।

ਪਿੰਡ ਹੱਪੋਵਾਲ ਵਸਨੀਕ ਔਰਤ ਦੀ ਡੂਮਣੇ ਦੀਆਂ ਮੱਖੀਆਂ ਦੇ ਕੱਟਣ ਨਾਲ ਮੌਤ :

ਬੰਗਾ 1,ਮਈ (ਮਨਜਿੰਦਰ ਸਿੰਘ ) ਬੰਗਾ  ਬਲਾਕ ਦੇ ਪਿੰਡ ਹੱਪੋਵਾਲ ਦੀ  ਇਕ ਔਰਤ ਦੀ  ਡੂਮਣੇ ਦੀਆਂ ਮੱਖੀਆਂ ਦੇ ਕੱਟਣ ਨਾਲ  ਦਰਦਨਾਕ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ । ਔਰਤ ਦੇ ਚਾਚਾ ਪੱਤਰਕਾਰ ਨਰਿੰਦਰ ਰੱਤੂ  ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਉਨ੍ਹਾਂ ਦੀ ਭਤੀਜੀ ਕਮਲੇਸ਼ ਰਾਣੀ ਉਰਫ਼ ਗੀਤਾ  ਉਮਰ 42' ਸਾਲ  ਅੱਜ ਸਵੇਰ  ਆਪਣੇ ਪਿੰਡ ਹੱਪੋਵਾਲ ਤੋਂ ਪੈਦਲ ਰਾਜਾ ਸਾਹਿਬ ਜੀ ਦੇ ਮੱਥਾ ਟੇਕਣ ਜਾ ਰਹੀ ਸੀ  ਕਿ ਰਸਤੇ ਵਿੱਚ  ਮੱਖੀਆਂ  ਦਾ ਡੂੰਮਣਾ ਛਿੜਿਆ ਹੋਇਆ ਸੀ । ਮੱਖੀਆਂ  ਦੇ  ਕੱਟਣ  ਨਾਲ ਉਸ ਦੀ ਹਾਲਤ  ਬਹੁਤ ਗੰਭੀਰ ਹੋ ਗਈ  ਤੇ ਗੁਰੂ ਨਾਨਕ ਮਿਸ਼ਨ ਹਸਪਤਾਲ  ਢਾਹਾਂ ਕਲੇਰਾਂ ਇਲਾਜ ਲਈ ਲਿਜਾਣ ਉਪਰੰਤ ਔਰਤ ਦੀ ਮੌਤ ਹੋ ਗਈ । ਉਨ੍ਹਾਂ ਦੱਸਿਆ ਕਿ ਔਰਤ ਦਾ ਪਤੀ  ਬਲਬੀਰ ਰਾਮ  ਵਿਦੇਸ਼ ਵਿੱਚ ਰਹਿੰਦਾ ਹੈ  ਉਸ ਦੇ ਆਉਣ ਉਪਰੰਤ ਔਰਤ ਦਾ ਸਸਕਾਰ ਕੀਤਾ ਜਾਵੇਗਾ ਅਤੇ ਔਰਤ ਆਪਣੇ ਪਿੱਛੇ ਤਿੰਨ ਬੱਚੇ ਛੱਡ ਗਈ ਹੈ ।

ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ

ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...