ਨਵਾਂਸ਼ਹਿਰ: 29 ਜੂਨ (ਹਰਿੰਦਰ ਸਿੰਘ) ਵਾਤਾਵਰਣ ਸੰਭਾਲ ਸੁਸਾਇਟੀ ਵੱਲੋਂ ਮਹਾਨ ਸਿੱਖ ਜਰਨੈਲ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਤੇ ਯਾਦ ਕਰਦੇ ਹੋਏ ਸੋਨਾ ਰੋਡ ਤੇ ਮਿਉਂਸਪਲ ਪਾਰਕ ਵਿਖੇ ਵੱਖ-ਵੱਖ ਕਿਸਮਾਂ ਦੇ 10 ਬੂਟੇ ਲਗਾਏ ਗਏ। ਇਸ ਮੌਕੇ ਤੇ ਸੁਸਾਇਟੀ ਦੇ ਵਾਈਸ ਪ੍ਰਧਾਨ ਤਰਸੇਮ ਲਾਲ ਨੇ ਕਿਹਾ ਕਿ ਮਹਾਰਾਜਾ ਸਾਹਿਬ ਨੇ ਬਹੁਤ ਹੀ ਸਾਹਸ, ਦਲੇਰੀ ਅਤੇ ਇਮਾਨਦਾਰੀ ਨਾਲ ਸਿੱਖ ਰਾਜ ਦੀ ਸਿਰਜਣਾ ਕੀਤੀ ਅਤੇ ਇਸ ਦੀਆਂ ਸਰਹੱਦਾਂ ਚੜਦੇ ਪੰਜਾਬ, ਲਹਿੰਦੇ ਪੰਜਾਬ ਸਮੇਤ ਅਫ਼ਗ਼ਾਨਿਸਤਾਨ ਤਕ ਫੈਲਾ ਕੇ ਸਿੱਖ ਕੌਮ ਦਾ ਸਿਰ ਉੱਚਾ ਕੀਤਾ। ਹਾਲਾਂਕਿ ਮਹਾਰਾਜਾ ਸਾਹਿਬ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸਨ ਪਰ ਉਨ੍ਹਾਂ ਦੇ ਰਾਜ ਵਿੱਚ ਸਿੱਖ ਧਰਮ ਬਹੁਤ ਹੀ ਤੇਜ਼ੀ ਨਾਲ ਅੱਗੇ ਵਧਿਆ। ਉਨ੍ਹਾਂ ਦੇ ਰਾਜ ਵਿੱਚ ਇਤਿਹਾਸਕ ਗੁਰਦੁਆਰਿਆਂ ਦਾ ਨਿਰਮਾਣ ਅਤੇ ਨਵੀਨੀਕਰਨ ਕੀਤਾ ਗਿਆ।
ਪਾਰਦਰਸ਼ੀ ਅਤੇ ਸੁਚਾਰੂ ਸ਼ਾਸ਼ਨ ਅਤੇ ਸੱਖਤ ਕਾਨੂੰਨ ਵਿਵਸਥਾ ਦੇ ਨਾਲ ਹੀ ਸਿਖਿਆ ਅਤੇ ਸਿਹਤ ਸਹੂਲਤਾਂ ਬਹੁਤ ਵਧੀਆ ਸਨ। ਖੇਤੀਬਾੜੀ ਅਤੇ ਜੰਗਲਾਂ ਦਾ ਵਿਕਾਸ ਅਤੇ ਸਾਂਭ-ਸੰਭਾਲ ਕਰ ਕੇ ਵਾਤਾਵਰਨ ਨੂੰ ਬਚਾਉਣ ਦਾ ਉਪਰਾਲਾ ਕੀਤਾ। ਪਰ ਅਫ਼ਸੋਸ ਕਿ ਉਨ੍ਹਾਂ ਦੀ ਮੌਤ ਦੇ ਨਾਲ ਹੀ ਸਿੱਖ ਰਾਜ ਦਾ ਅੰਤ ਹੋ ਗਿਆ। ਇਕੱਲਾ ਸ਼ੇਰ ਨਹੀਂ ਸੀ ਚਿਖਾ ਦੇ ਵਿੱਚ ਸੜਿਆ, ਸੜ ਗਈ ਤਕਦੀਰ ਪੰਜਾਬੀਆਂ ਦੀ। ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਭੱਟੀ, ਵਾਈਸ ਪ੍ਰਧਾਨ ਤਰਸੇਮ ਲਾਲ, ਰੇਸ਼ਮ ਸਿੰਘ, ਕੁਲਦੀਪ ਕੁਮਾਰ ਅਤੇ ਤਰਲੋਚਨ ਸਿੰਘ ਆਦਿ ਹਾਜ਼ਰ ਸਨ।
No comments:
Post a Comment