ਸ਼ਹੀਦ ਭਗਤ ਸਿੰਘ ਨੌਜਵਾਨ ਸਭਾ (ਐੱਸਬੀਵਾਈਐੱਫ) ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀਐੱਸਐੱਫ) ਵਲੋਂ ਖਟਕੜ ਕਲਾਂ ਮੋਰਚੇ ਦੇ ਪੰਜਵੇਂ ਦਿਨ ਇਕੱਠੇ ਹੋਏ ਨੌਜਵਾਨਾਂ ਤੇ ਵਿਦਿਆਰਥੀਆਂ ਨੇ ਬੰਗਾ ਸ਼ਹਿਰ ‘ਚ ਮਾਰਚ ਕੀਤਾ। ਜਿਥੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਂ ਦਿਨਾਂ ‘ਚ ਬੜਬੋਲੀ ਸਰਕਾਰ ਦਾ ਕੋਈ ਵੀ ਨੁਮਾਇੰਦਾ ਨੌਜਵਾਨਾਂ ਦੀ ਗੱਲ ਸੁਣਨ ਵੀ ਨਹੀਂ ਪੁੱਜਾ। ਜਿਸ ਕਾਰਨ ਉਹ ਆਪ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਲਗਾ ਕੇ ਸਰਕਾਰ ਦੇ ਬੋਲੇ ਕੰਨਾਂ ਤੱਕ ਆਵਾਜ਼ ਬੁਲੰਦ ਕਰਨਗੇ ਅਤੇ ਖਟਕੜ ਕਲਾਂ ‘ਚ ਚੁੱਕੀ ਸਹੁੰ ਨੂੰ ਯਾਦ ਕਰਵਾਉਣਗੇ।ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਢੇਸੀ, ਸੂਬਾ ਜਨਰਲ ਸਕੱਤਰ ਧਰਮਿੰਦਰ ਮੁਕੇਰੀਆਂ, ਪੀਐੱਸਐੱਫ ਦੇ ਸੂਬਾ ਕਨਵੀਨਰ ਗਗਨਦੀਪ, ਸੂਬਾ ਆਗੂ ਰਵੀ ਲੋਹਗੜ੍ਹ ਨੇ ਕਿਹਾ ਕਿ ਮਾਨ ਸਰਕਾਰ ਦੇ ਪੰਜਾਂ ਸਾਲਾਂ ‘ਚੋਂ ਵੱਡਾ ਹਿੱਸਾ ਬੀਤ ਗਿਆ ਹੈ ਅਤੇ ਹਰੇ ਪੈੱਨ ਕੋਲ ਨਾ ਹੋਣ ਕਾਰਨ ਲੱਖਾਂ ਅਸਾਮੀਆਂ ਹਾਲੇ ਵੀ ਖਾਲੀ ਹਨ। ਪਹਿਲਾ ਤੋਂ ਕੰਮ ਕਰਦੇ ਕੱਚੇ ਕਾਮਿਆਂ ਨੂੰ ਵੀ ਹਾਲੇ ਤੱਕ ਪੱਕੇ ਨਹੀਂ ਕੀਤਾ ਗਿਆ।
ਆਗੂਆਂ ਨੇ ਕਿਹਾ ਕਿ ਬੇਰੁਜ਼ਗਾਰੀ ਭੱਤੇ ਦੇ ਕਾਨੂੰਨ ਨੂੰ ਸਮੇਂ ਦੇ ਹਾਣ ਦਾ ਕਰਨ ਲਈ ਅਗਲੇ ਸੈਸ਼ਨ ‘ਚ ਨਵਾਂ ਕਾਨੂੰਨ ਲਿਆਂਦਾ ਜਾਵੇ। ਇਸ ਵੇਲੇ ਇਸ ਕਾਨੂੰਨ ਤਹਿਤ ਨਿਗੂਣੀ ਜਿਹੀ ਰਕਮ ਹੀ ਭੱਤੇ ਵਜੋਂ ਦਿੱਤੀ ਜਾ ਸਕਦੀ ਹੈ। ਇਸ ਵੇਲੇ ਪੂਰੇ ਪੰਜਾਬ ‘ਚੋਂ ਸਿਰਫ਼ ਇੱਕ ਨੌਜਵਾਨ ਨੂੰ ਹੀ ਡੇਢ ਸੌ ਰੁਪਏ ਬੇਰੁਜ਼ਗਾਰੀ ਭੱਤਾ ਮਿਲਦਾ ਹੈ।
ਨਸ਼ਿਆਂ ਦੇ ਸਬੰਧ ‘ਚ ਆਗੂਆਂ ਨੇ ਕਿਹਾ ਕਿ ਹਰ ਰੋਜ਼ ਦੋ ਤਿੰਨ ਨੌਜਵਾਨ ਅਣਨਿਆਈ ਮੌਤ ਦੇ ਮੂੰਹ ‘ਚ ਜਾ ਰਹੇ ਹਨ। ਜਿੰਨੀ ਗਿਣਤੀ ‘ਚ ਨੌਜਵਾਨ ਨਸ਼ਿਆਂ ‘ਚ ਲੱਗੇ ਹੋਏ ਹਨ, ਉਸ ਹਾਣ ਦਾ ਸਿਹਤ ਢਾਂਚਾ ਹਾਲੇ ਤੱਕ ਨਾ ਤਾਂ ਪਿਛਲੀਆਂ ਸਰਕਾਰਾਂ ਨੇ ਬਣਾਇਆ ਅਤੇ ਨਾ ਹੀ ਇਸ ਸਰਕਾਰ ਨੇ ਕੋਈ ਵੱਡੀ ਕੋਸ਼ਿਸ਼ ਕੀਤੀ ਹੈ। ਸਿਰਫ਼ ਇੱਕ ਅੱਧ ਸੈਂਟਰ ਬਣਾਉਣ ਨਾਲ ਨੌਜਵਾਨਾਂ ਨੂੰ ਮੁੜ ਲੀਂਹ ‘ਤੇ ਨਹੀਂ ਲਿਆਂਦਾ ਜਾ ਸਕਦਾ।
ਆਗੂਆਂ ਨੇ ਕਿਹਾ ਕਿ ਇਸ ਦਾ ਸਿੱਟਾ ਹੀ ਹੈ ਕਿ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵੱਲ ਨੂੰ ਜਾ ਰਹੇ ਹਨ।
ਧਰਨੇ ਨੂੰ ਵਿਦਿਆਰਥੀ ਆਗੂਆਂ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਵਿਦਿਆ ਦਾ ਜਿਸ ਢੰਗ ਨਾਲ ਨਿੱਜੀਕਰਨ ਕੀਤਾ ਜਾ ਰਿਹਾ ਹੈ, ਉਸ ਨਾਲ ਸਸਤੀ ਤੇ ਲਾਜ਼ਮੀ ਵਿਦਿਆ ਵੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀ ਜਾ ਰਹੀ ਹੈ।
ਆਗੂਆਂ ਨੇ ਕਿਹਾ ਕਿ ਕਿਸੇ ਵੇਲੇ ਵਿਦਿਆਰਥੀਆਂ ਦੇ ਬੱਸ ਪਾਸ ਪ੍ਰਾਈਵੇਟ ਸਮੇਤ ਹਰ ਬੱਸ ‘ਚ ਚੱਲਦੇ ਸਨ ਪਰ ਟਰਾਂਸਪੋਰਟ ਮਾਫ਼ੀਏ ਨੇ ਪ੍ਰਾਈਵੇਟ ਬੱਸਾਂ ‘ਚ ਪਾਸ ਚਲਾਉਣੇ ਬੰਦ ਕਰ ਦਿੱਤੇ ਹਨ। ਆਗੂਆਂ ਨੇ ਕਿਹਾ ਕਿ ਮਾਨ ਸਰਕਾਰ ਬੱਸ ਪਾਸ ਸਾਰੇ ਸਾਧਨਾਂ ‘ਚ ਲਾਗੂ ਕਰਨ ਲਈ ਜਲਦ ਕਾਨੂੰਨ ਬਣਾਏ ਤਾਂ ਜੋ ਵਿਦਿਆ ਆਮ ਲੋਕਾਂ ਦੀ ਪਹੁੰਚ ਵਿੱਚ ਆਵੇ।
ਆਗੂਆਂ ਨੇ ਕਿਹਾ ਕਿ ਹਰ ਤਰ੍ਹਾਂ ਦੇ ਵਿਦਿਅਕ ਅਦਾਰਿਆਂ ‘ਚ ਹੀ ਲੱਖਾਂ ਅਸਾਮੀਆਂ ਖਾਲੀ ਪਈਆਂ ਹਨ, ਜਿਸ ਤੋਂ ਸਰਕਾਰ ਦੀ ਨੀਅਤ ਦਾ ਪਤਾ ਲੱਗ ਜਾਂਦਾ ਹੈ। ਇਹ ਸਰਕਾਰ ਪੰਜਾਬ ਦੇ ਕੁਦਰਤੀ ਸਾਧਨਾਂ ਨੂੰ ਲੁੱਟ ਕੇ ਪੈਸਾ ਇਕੱਠਾ ਕਰਨ ਵੱਲ ਹੀ ਤੁਰੀ ਹੈ, ਪੰਜਾਬ ਦੀ ਜਵਾਨੀ ਲਈ ਭਵਿੱਖੀ ਨਕਸ਼ਾ ਇਸ ਸਰਕਾਰ ਕੋਲ ਨਹੀਂ ਹੈ ਅਤੇ ਇਸ ਸਰਕਾਰ ਦਾ ਭਗਤ ਸਿੰਘ ਦੀ ਸੋਚ ਨਾਲ ਕੋਈ ਵਾਹ ਵਾਸਤਾ ਨਹੀਂ ਹੈ।
ਅੱਜ ਦੇ ਧਰਨੇ ਨੂੰ ਐਡਵੋਕੇਟ ਅਜੈ ਫਿਲੌਰ, ਮੱਖਣ ਸੰਗਰਾਮੀ, ਲਾਜਰ ਲਾਖਣਾ, ਕੰਚਨ ਮੱਟੂ, ਸਰਬਜੀਤ ਹੈਰੀ, ਕੁਲਵੰਤ ਮੱਲੂਨੰਗਲ, ਜੱਗਾ ਅਜਨਾਲਾ, ਮਿੰਟੂ ਗੁਜ਼ਰਪੁਰ, ਗੈਰੀ ਗਿੱਲ, ਸਤਵਿੰਦਰ ਓਠੀਆਂ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਵੱਖ ਜਥਿਆਂ ਦੀ ਅਗਵਾਈ ਗੱਗਾ ਫਿਲੌਰ, ਸੁਨੀਲ ਭੈਣੀ, ਜਸਬੀਰ ਢੇਸੀ, ਗੁਰਦੀਪ ਗੋਗੀ, ਰਛਪਾਲ ਬੇਗਮਪੁਰ, ਅਮਰੀਕ ਰੁੜਕਾ, ਗੁਰਜੰਟ ਸਿੰਘ ਮੁੱਛਲ, ਸੁੱਚਾ ਸਿੰਘ ਘੋਗਾ ਆਦਿ ਨੇ ਕੀਤੀ।
ਧਰਨੇ ਦੌਰਾਨ ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਹਰਪ੍ਰੀਤ ਬੁਟਾਰੀ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਆਗੂ ਹਰਪਾਲ ਸਿੰਘ ਜਗਤਪੁਰ, ਮੁਲਾਜ਼ਮਾਂ ਦੇ ਸੂਬਾ ਆਗੂ ਕੁਲਦੀਪ ਦੌੜਕਾ, ਨੌਜਵਾਨਾਂ ਦੇ ਸਾਬਕਾ ਆਗੂਆਂ ਸਤਨਾਮ ਸੁਜੋਂ, ਸੁਰਿੰਦਰ ਭੱਟੀ ਆਦਿ ਨੇ ਧਰਨੇ ਦੀ ਹਮਾਇਤ ਕੀਤੀ।
No comments:
Post a Comment