ਬੰਗਾ, 9 ਜੁਲਾਈ (ਮਨਜਿੰਦਰ ਸਿੰਘ )ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਅੱਜ ਸਥਾਨਕ ਬੀ. ਡੀ. ਪੀ. ਓ ਦਫ਼ਤਰ ਵਿਖੇ ਇਕ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਐਸ. ਸੀ. ਕਮਿਸ਼ਨ ਦੇ ਮੈਂਬਰ ਗਿਆਨ ਚੰਦ ਅਤੇ ਪ੍ਰਭ ਦਿਆਲ ਤੋਂ ਇਲਾਵਾ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ ਇੰਜ: ਮੋਹਨ ਲਾਲ ਸੂਦ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਐਸ. ਸੀ ਕਮਿਸ਼ਨ ਦੇ ਮੈਂਬਰਾਂ ਗਿਆਨ ਚੰਦ ਅਤੇ ਪ੍ਰਭ ਦਿਆਲ ਨੇ ਇਸ ਮੌਕੇ ਵੱਡੀ ਗਿਣਤੀ ਵਿਚ ਹਾਜ਼ਰ ਇਲਾਕੇ ਦੇ ਪੰਚਾਂ-ਸਰਪੰਚਾਂ ਅਤੇ ਮੋਹਤਬਰਾਂ ਨੂੰ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਲੋਕਾਂ ਦੇ ਅਧਿਕਾਰਾਂ ਅਤੇ ਕਮਿਸ਼ਨ ਵੱਲੋਂ ਇਸ ਸਬੰਧੀ ਨਿਭਾਈ ਜਾ ਰਹੀ ਭੂਮਿਕਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਚੇਅਰਪਰਸਨ ਮੈਡਮ ਤਜਿੰਦਰ ਕੌਰ ਦੀ ਅਗਵਾਈ ਹੇਠ ਐਸ. ਸੀ ਕਮਿਸ਼ਨ ਅਨੁਸੂਚਿਤ ਜਾਤੀਆਂ ਦੇ ਲੋਕਾਂ ਨਾਲ ਹੋ ਰਹੇ ਕਿਸੇ ਵੀ ਕਿਸਮ ਦੇ ਧੱਕੇ ਜਾਂ ਵਿਤਕਰੇ ਦੇ ਮਾਮਲੇ ਵਿਚ ਉਨਾਂ ਨੂੰ ਇਨਸਾਫ਼ ਦਿਵਾਉਣ ਲਈ ਵਚਨਬੱਧ ਹੈ। ਅੱਤਿਆਚਾਰ ਨਿਵਾਰਣ ਐਕਟ ਬਾਰੇ ਉਦਾਹਰਣਾਂ ਸਹਿਤ ਵਿਸਥਾਰ ਨਾਲ ਜਾਣੂ ਕਰਵਾਉਂਦਿਆਂ ਉਨਾਂ ਦੱਸਿਆ ਕਿ ਇਹ ਐਕਟ ਅਨੁਸੂਚਿਤ ਜਾਤੀਆਂ ਦੇ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਦਾ ਹੈ। ਉਨਾਂ ਕਿਹਾ ਕਿ ਆਮ ਤੌਰ ’ਤੇ ਲੋਕ ਇਹੀ ਸਮਝਦੇ ਹਨ ਕਿ ਇਸ ਐਕਟ ਤਹਿਤ ਕੇਵਲ ਜਾਤੀ ਸੂਚਕ ਸ਼ਬਦ ਵਰਤਣ ਖਿਲਾਫ਼ ਹੀ ਸਿਕਾਇਤ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਕਿਸੇ ਵੀ ਕਿਸਮ ਦੇ ਧੱਕੇ ਜਾਂ ਸਮਾਜਿਕ ਵਿਤਕਰੇ ਖਿਲਾਫ਼ ਇਸ ਐਕਟ ਤਹਿਤ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਉਨਾਂ ਕਿਹਾ ਕਿ ਕਮਿਸ਼ਨ ਵੱਲੋਂ ਅਜਿਹੀਆਂ ਸ਼ਿਕਾਇਤਾਂ ’ਤੇ ਜ਼ਰੂਰ ਇਨਸਾਫ਼ ਦਿਵਾਇਆ ਜਾਂਦਾ ਹੈ, ਪਰੰਤੂ ਸ਼ਰਤ ਇਹ ਹੈ ਕਿ ਸ਼ਿਕਾਇਤ ਸੱਚੀ ਹੋਵੇ। ਉਨਾਂ ਕਿਹਾ ਕਿ ਇਸ ਐਕਟ ‘ਮਿਸਯੂਜ਼’ ਨਹੀਂ ਬਲਕਿ ‘ਯੂਜ਼’ ਕਰਕੇ ਆਪਣੇ ਅਧਿਕਾਰਾਂ ਦੀ ਰਾਖੀ ਕਰਨੀ ਚਾਹੀਦੀ ਹੈ ਪੰਜਾਬ ਅਨੁਸੂਚਿਤ ਜਾਤੀਆਂ ਭੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ ਇੰਜ: ਮੋਹਨ ਲਾਲ ਸੂਦ ਨੇ ਇਸ ਮੌਕੇ ਕਾਰਪੋਰੇਸ਼ਨ ਵੱਲੋਂ ਗਰੀਬ ਵਰਗਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਨਾਂ ਦੱਸਿਆ ਕਿ ਪਿਛਲੇ ਸਾਲ ਕੋਵਿਡ ਮਹਾਮਾਰੀ ਦੌਰਾਨ ਐਸ. ਸੀ. ਭਾਈਚਾਰੇ ਨੂੰ ਵੱਡੀ ਰਾਹਤ ਪ੍ਰਦਾਨ ਕਰਦਿਆਂ 2093 ਲਾਭਪਾਤਰੀਆਂ ਨੂੰ 20 ਕਰੋੜ 33 ਲੱਖ ਰੁਪਏ ਦੀ ਵੱਡੀ ਰਾਸ਼ੀ ਸਵੈ-ਰੋਜ਼ਗਾਰ ਲਈ ਕਰਜ਼ੇ ਦੇ ਰੂਪ ਵਿਚ ਮੁਹੱਈਆ ਕਰਵਾਈ ਗਈ ਹੈ। ਉਨਾਂ ਕਿਹਾ ਕਿ ਕਾਰਪੋਰੇਸ਼ਨ ਤੋਂ ਕਰਜ਼ਾ ਲੈਣ ਵਾਲੇ ਜਿਹੜੇ 1653 ਕਰਜ਼ਦਾਰਾਂ ਦੀ ਮੌਤ ਹੋ ਗਈ ਸੀ, ਉਨਾਂ ਦਾ 10 ਕਰੋੜ 92 ਲੱਖ ਰੁਪਏ ਦਾ ਕਰਜ਼ਾ ਮੁਆਫ਼ ਕਰਕੇ ਵੱਡੀ ਰਾਹਤ ਦਿੱਤੀ ਗਈ ਹੈ। ਉਨਾਂ ਕਿਹਾ ਕਿ ਐਸ. ਸੀ ਵਰਗ ਦੇ 50 ਹਜ਼ਾਰ ਰੁਪਏ ਤੱਕ ਦੇ ਕਰਜ਼ੇ ਮੁਆਫ਼ ਕਰਨ ਦਾ ਆਪਣਾ ਵਾਅਦਾ ਨਿਭਾਉਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਨਾਂ ਕਰਜ਼ਿਆਂ ’ਤੇ ਲੀਕ ਮਾਰਦਿਆਂ 45.41 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਹੈ, ਜਿਸ ਨਾਲ ਐਸ. ਸੀ ਵਰਗ ਨੂੰ ਵੱਡੀ ਰਾਹਤ ਮਿਲੀ ਹੈ। ਉਨਾਂ ਕਿਹਾ ਕਿ ਗ਼ਰੀਬ ਵਰਗਾਂ ਨੂੰ ਹੋਰ ਰਾਹਤ ਦਿਵਾਉਣ ਲਈ ਕਾਰਪੋਰੇਸ਼ਨ ਵੱਲੋਂ ਦਿਨ-ਰਾਤ ਇਕ ਕੀਤਾ ਜਾ ਰਿਹਾ ਹੈ। ਇਸ ਮੌਕੇ ਬੀ. ਡੀ. ਪੀ. ਓ ਬੰਗਾ ਕਿਰਨਦੀਪ ਕੌਰ, ਐਸ. ਸੀ ਕਾਰਪੋਰੇਸ਼ਨ ਦੇ ਜ਼ਿਲਾ ਮੈਨੇਜਰ ਸੁਰਿੰਦਰ ਕੌਰ ਤੇ ਅਸ਼ੋਕ ਕੁਮਾਰ, ਸਹਾਇਕ ਜ਼ਿਲਾ ਮੈਨੇਜਰ ਜੁਗਲ ਕਿਸ਼ੋਰ ਤੇ ਸੁਰਿੰਦਰ ਕੁਮਾਰ, ਇੰਜ: ਗਿਆਨ ਚੰਦ ਬਹਿਰਾਮ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਪੰਚ-ਸਰਪੰਚ ਅਤੇ ਹੋਰ ਮੋਹਤਬਰ ਹਾਜ਼ਰ ਸਨ।
No comments:
Post a Comment